ਬੇਨਾਲਾ ਵਿੱਚ ਪੁਸਤਕ ਦੀ ਘੁੰਡ-ਚੁਕਾਈ; ਆਸਟ੍ਰੇਲੀਆ ਵਿੱਚ ਪਹਿਲੇ ਅਖੰਡ ਪਾਠ ਸਾਹਿਬ ਅਤੇ ਗੁਰਦੁਆਰਾ ਸਥਾਪਨਾ ਦੇ ਇਤਿਹਾਸ ਨੂੰ ਕੀਤਾ ਗਿਆ ਉਜਾਗਰ
ਬੇਨਾਲਾ, ਆਸਟ੍ਰੇਲੀਆ — ਆਪਣਾ ਪੰਜਾਬ ਮੀਡੀਆ। ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਮੁੱਢਲੇ ਇਤਿਹਾਸ ਅਤੇ ਯੋਗਦਾਨ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸ਼ਿਵਾ ਸਿੰਘ ਦੇ ਜੀਵਨ ’ਤੇ ਆਧਾਰਿਤ ਇਤਿਹਾਸਕ ਪੁਸਤਕ ‘Siva Singh Benalla’ ਰਿਲੀਜ਼ ਕੀਤੀ ਗਈ ਹੈ। ਇਹ ਪੁਸਤਕ ਖੋਜੀ ਲੇਖਕ ਲੈਨ ਕੇਨਾ ਅਤੇ ਕ੍ਰਿਸਟਲ ਜੌਰਡਨ ਵੱਲੋਂ ਲਿਖੀ ਗਈ ਹੈ। 18 ਅਕਤੂਬਰ ਨੂੰ ਵਿਕਟੋਰੀਆ ਰਾਜ ਦੇ ਬੇਨਾਲਾ ਵਿਖੇ ਹੋਏ ਸਮਾਗਮ ਦੌਰਾਨ ਪੁਸਤਕ ਪਾਠਕਾਂ ਦੇ ਸਪੁਰਦ ਕੀਤੀ ਗਈ। ਇਸ ਵਿੱਚ ਸ਼ਿਵਾ ਸਿੰਘ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ਾਂ ਅਤੇ ਆਸਟ੍ਰੇਲੀਆ ਵਿੱਚ ਮੁੱਢਲੇ ਭਾਰਤੀ ਤੇ ਸਿੱਖ ਭਾਈਚਾਰੇ ਦੇ ਵਿਕਾਸ ਬਾਰੇ ਇਤਿਹਾਸਕ ਜਾਣਕਾਰੀ ਦਰਜ ਹੈ।
ਸ਼ਿਵਾ ਸਿੰਘ 1897 ਤੋਂ 1955 ਤੱਕ ਵਿਕਟੋਰੀਆ ਦੇ ਬੇਨਾਲਾ ਇਲਾਕੇ ਵਿੱਚ ਰਹੇ ਅਤੇ ਫੇਰੀ ਲਗਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਦਾ ਜੀਵਨ ਉਸ ਸਮੇਂ ਦੇ ਭਾਰਤੀ ਪ੍ਰਵਾਸੀਆਂ ਦੀ ਮਿਹਨਤ, ਮੁਸ਼ਕਲਾਂ ਅਤੇ ਸਮਾਜਿਕ ਸਵੀਕਾਰਤਾ ਲਈ ਕੀਤੇ ਸੰਘਰਸ਼ ਦੀ ਕਹਾਣੀ ਪੇਸ਼ ਕਰਦਾ ਹੈ। ਪੁਸਤਕ ਵਿੱਚ 1920 ਤੋਂ 1943 ਦੇ ਸਮੇਂ ਨੂੰ ਆਸਟ੍ਰੇਲੀਆ ਦੇ ਸਿੱਖ ਇਤਿਹਾਸ ਲਈ ਖ਼ਾਸ ਮਹੱਤਵਪੂਰਨ ਦੱਸਿਆ ਗਿਆ ਹੈ। ਇਸ ਦੌਰ ਨਾਲ ਸਬੰਧਤ ਪਹਿਲੇ ਦਰਜ ਕੀਤੇ ਅਖੰਡ ਪਾਠ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਸ਼ਿਵਾ ਸਿੰਘ ਆਪਣੇ ਵੈਗਨ ਰੇੜ੍ਹੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾਂਦੇ ਸਨ, ਜਿਸ ਨਾਲ ਉਸ ਸਮੇਂ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੀ।
ਪੁਸਤਕ ਵਿੱਚ ਆਸਟ੍ਰੇਲੀਆ ਵਿੱਚ ਨਸਲੀ ਵਿਤਕਰੇ ਦੇ ਦੌਰ ਤੋਂ ਬਹੁ-ਸੱਭਿਆਚਾਰਕ ਸਮਾਜ ਤੱਕ ਦੇ ਸਫ਼ਰ ਅਤੇ ਭਾਰਤੀ ਭਾਈਚਾਰੇ ਦੇ ਉਭਾਰ ਤੇ ਚੁਣੌਤੀਆਂ ਨੂੰ ਵੀ ਦਰਸਾਇਆ ਗਿਆ ਹੈ। ਸ਼ਿਵਾ ਸਿੰਘ ਨਾਲ ਸਬੰਧਤ ਇਤਿਹਾਸਕ ਵੈਗਨ ਨੂੰ ਸੰਭਾਲ ਕੇ ਅਜਾਇਬ ਘਰ ਵਿੱਚ ਰੱਖਿਆ ਗਿਆ ਹੈ, ਜੋ ਉਨ੍ਹਾਂ ਦੇ ਜੀਵਨ ਅਤੇ ਧਾਰਮਿਕ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਪੁਸਤਕ ਦੀ ਰਿਲੀਜ਼ ਮੌਕੇ ਬੇਨਾਲਾ ਦੇ ਮੇਅਰ ਨੇ ਇਤਿਹਾਸ ਨੂੰ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਲੇਖਕਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸੇ ਮੁੱਢਲੇ ਭਾਰਤੀਆਂ ਦੀਆਂ ਕਹਾਣੀਆਂ, ਉਨ੍ਹਾਂ ਦੀਆਂ ਰੀਤਾਂ ਅਤੇ ਸਮਾਜ ਲਈ ਦਿੱਤੇ ਯੋਗਦਾਨ ਨੂੰ ਦਰਜ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਹੱਤਵਪੂਰਨ ਹੈ। ਇਹ ਪੁਸਤਕ ਸਿੱਖ ਇਤਿਹਾਸ ਅਤੇ ਪ੍ਰਵਾਸੀ ਭਾਈਚਾਰੇ ਦੀ ਵਿਰਾਸਤ ਨੂੰ ਸਮਝਣ ਲਈ ਇੱਕ ਅਹਿਮ ਦਸਤਾਵੇਜ਼ ਵਜੋਂ ਸਾਹਮਣੇ ਆਈ ਹੈ।


