ਨਿਹੰਗ ਸਿੰਘ ਜਥੇਬੰਦੀਆਂ, ਘੋੜੇ, ਹਾਥੀ ਅਤੇ ਗਤਕਾ ਪਾਰਟੀਆਂ ਰਹੀਆਂ ਖਿੱਚ ਦਾ ਕੇਂਦਰ
ਫਗਵਾੜਾ : ਆਪਣਾ ਪੰਜਾਬ ਮੀਡੀਆ : ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਵਿਖੇ ਦਸਹਿਰਾ ਪੁਰਬ ਮੌਕੇ ਰਵਾਇਤੀ ਮਹੱਲਾ ਪੂਰੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ (ਆਈ ਏ ਐੱਸ) ਨੇ ਦੱਸਿਆ ਕਿ ਪੁਰਾਤਨ ਮਰਿਆਦਾ ਅਨੁਸਾਰ 11 ਅਕਤੂਬਰ ਤੋਂ ਰੋਜ਼ਾਨਾ ਰਾਤ 9 ਤੋਂ 12 ਵਜੇ ਤੱਕ ਦਸਮ ਗ੍ਰੰਥ ਸਾਹਿਬ ਵਿੱਚੋਂ ਬਾਣੀ ਦੇ ਪਾਠ ਕੀਤੇ ਗਏ ਜਿਨ੍ਹਾਂ ਦੀ ਸੰਪੂਰਨਤਾ ਅੱਜ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਨਿਰਮਲੇ ਵੱਲੋਂ ਕੀਤੀ ਗਈ।
ਇਸ ਉਪਰੰਤ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰਾਂ ਦੇ ਪੂਜਨ ਅਤੇ ਤਿਲਕ ਦੀ ਰਸਮ ਸ਼ਰਧਾ ਨਾਲ ਨਿਭਾਈ ਗਈ। ਸ਼ਾਮੀਂ 4 ਵਜੇ ਮੀਤ ਜਥੇਦਾਰ ਸਿੰਘ ਸਾਹਿਬ ਭਾਈ ਰਾਮ ਸਿੰਘ ਵੱਲੋਂ ਮਹੱਲੇ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਸ਼ੁਰੂ ਹੋਇਆ। ਇਸ ਵਿੱਚ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ, ਘੋੜੇ, ਨਗਾਰੇ, ਕੀਰਤਨੀ ਜਥੇ, ਗਤਕਾ ਪਾਰਟੀਆਂ ਅਤੇ ਵੱਖ-ਵੱਖ ਦਲ-ਪੰਥਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ।
ਮਹੱਲਾ ਆਪਣੇ ਰਵਾਇਤੀ ਮਾਰਗਾਂ ਤੋਂ ਹੁੰਦਾ ਹੋਇਆ ਹੱਲਾ ਬੋਲ ਚੌਕ (ਮਹਾਵੀਰ ਚੌਕ) ਵਿੱਚ ਪੁੱਜਿਆ। ਇਸ ਤੋਂ ਬਾਅਦ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਅਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਪੁੱਜਿਆ, ਜਿੱਥੇ ਧਾਰਮਿਕ ਰਸਮਾਂ ਅਤੇ ਅਰਦਾਸ ਕੀਤੀ ਗਈ। ਇਸ ਦੀ ਸਮਾਪਤੀ ਦੇਰ ਰਾਤ ਤਖ਼ਤ ਸਾਹਿਬ ਵਿਖੇ ਹੋਵੇਗੀ। ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪੁੱਜੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਖ-ਵੱਖ ਦਲ-ਪੰਥਾਂ ਦੇ ਜਥੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕ ਦੇ ਸਲਾਹਕਾਰ ਜਸਵੰਤ ਸਿੰਘ ਬੌਬੀ, ਸੁਪਰਡੈਂਟ ਰਵਿੰਦਰ ਸਿੰਘ ਕਪੂਰ, ਸਹਾਇਕ ਸੁਪਰਡੈਂਟ ਜੈਮਲ ਸਿੰਘ ਢਿੱਲੋਂ ਅਤੇ ਬਲਵਿੰਦਰ ਸਿੰਘ ਫ਼ੌਜੀ ਸਣੇ ਗੁਰਦੁਆਰਾ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਗੁਰਦੁਆਰਾ ਸੱਚਖੰਡ ਬੋਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 21 ਅਕਤੂਬਰ ਨੂੰ ਸ਼ਾਮ 4 ਵਜੇ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਮੈਦਾਨ ਵਿੱਚ ਘੋੜ ਦੌੜ ਅਤੇ ਨੇਜ਼ਾਬਾਜ਼ੀ ਦੇ ਜੌਹਰ ਦਿਖਾਏ ਜਾਣਗੇ।


