ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਮੁਜ਼ਾਹਰਿਆਂ ਦੌਰਾਨ ਪੈਦਾ ਹੋਏ ਵਿਵਾਦ ਮਗਰੋਂ ਲਿਆ ਫ਼ੈਸਲਾ
ਚੰਡੀਗਡ਼੍ਹ : ਆਪਣਾ ਪੰਜਾਬ ਮੀਡੀਆ : ਦਸ ਅਕਤੂਬਰ ਦੇ ਰੋਸ ਮੁਜ਼ਾਹਰੇ ਦੌਰਾਨ ਮਰਿਆਦਾ (ਸਿੱਖ ਰਹਿਤ ਮਰਿਆਦਾ) ਦੀ ਕਥਿਤ ਉਲੰਘਣਾ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਨਾਲ ਲੱਗਦੇ ਰਸਤੇ ਨੂੰ ਵਰਦੀਧਾਰੀ ਪੁਲੀਸ ਕਰਮਚਾਰੀਆਂ ਨੂੰ ਸ਼ਾਰਟਕੱਟ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ; ਹਾਲਾਂਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਸ਼ਰਧਾਲੂਆਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਸਿੱਖ ਸਿਧਾਂਤਾਂ ’ਤੇ ਚੱਲਦਿਆਂ ਗੁਰਦੁਆਰਾ ਜਾਤ, ਨਸਲ, ਧਰਮ ਜਾਂ ਰੁਤਬੇ ਤੋਂ ਬਿਨਾਂ ਸਾਰਿਆਂ ਲਈ ਦਿਨ-ਰਾਤ ਖੁੱਲ੍ਹਾ ਰਹੇਗਾ।
ਇਹ ਵਿਵਾਦ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ ਵਰਦੀਧਾਰੀ ਪੁਲੀਸ ਮੁਲਾਜ਼ਮ ਗੁਰਦੁਆਰੇ ਦੇ ਨਾਲ ਲੱਗਦੇ ਰਸਤੇ ’ਤੇ ਬੂਟ ਪਹਿਨ ਕੇ ਅਤੇ ਨੰਗੇ ਸਿਰ ਲੰਘਦੇ ਹੋਏ ਦਿਖਾਈ ਦੇ ਰਹੇ ਸਨ। ਇਸ ਵੀਡੀਓ ਨੂੰ ਸਥਾਨ ਦੀ ‘ਮਰਿਆਦਾ’ ਦੀ ਉਲੰਘਣਾ ਵਜੋਂ ਪੇਸ਼ ਕੀਤਾ ਗਿਆ। ਇਸ ਘਟਨਾ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਖਿੱਚੋਤਾਣ ਨੂੰ ਕਥਿਤ ਤੌਰ ’ਤੇ ਨਵਾਂ ਮੋੜ ਦੇ ਦਿੱਤਾ ਸੀ। ਕਾਲਕਾ ਨੇ ਕਿਹਾ ਕਿ ਪੁਲੀਸ ਕਰਮਚਾਰੀ ਜਿੱਥੋਂ ਗੁਜ਼ਰਦੇ ਦਿਖਾਈ ਦੇ ਰਹੇ ਹਨ, ਉਹ ਆਮ ਰਸਤਾ ਹੈ ਜੋ ਉਸ ਜਗ੍ਹਾ ਵੱਲ ਜਾਂਦਾ ਹੈ ਜਿੱਥੇ ਸ਼ਰਧਾਲੂ ਗੁਰਦੁਆਰੇ ਦੇ ‘ਦਰਬਾਰ ਹਾਲ’ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਜੁੱਤੇ ਉਤਾਰਦੇ ਹਨ। ਉਨ੍ਹਾਂ ਅਨੁਸਾਰ, ਪੁਲੀਸ ਕਰਮਚਾਰੀ ਨਿਯਮਤ ਤੌਰ ’ਤੇ ਇਸ ਰਸਤੇ ਨੂੰ ਅਸ਼ੋਕ ਮਾਰਗ ਅਤੇ ਪੁਲੀਸ ਹੈੱਡਕੁਆਰਟਰ ਵਿਚਕਾਰ ਸ਼ਾਰਟਕੱਟ ਵਜੋਂ ਵਰਤਦੇ ਸਨ। ਉਨ੍ਹਾਂ ਕਿਹਾ ਕਿ ਫ਼ੈਸਲੇ ਬਾਰੇ ਡੀ ਸੀ ਪੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਕਾਲਕਾ ਨੇ ਕਿਹਾ ਕਿ ਪਾਬੰਦੀ ਪਹਿਲਾਂ ਹੀ ਸੀ ਪਰ ਇਸ ਦੀ ਘੱਟ ਹੀ ਪਾਲਣਾ ਕੀਤੀ ਜਾਂਦੀ ਸੀ। ਮੁਜ਼ਾਹਰੇ ਦੀ ਇੱਕ ਹੋਰ ਵੀਡੀਓ ਵਿੱਚ ਪੁਲੀਸ ਕਰਮਚਾਰੀਆਂ ਨੂੰ ਮੁਜ਼ਾਹਰਾਕਾਰੀਆਂ ਨੂੰ ਘੜੀਸ ਕੇ ਲਿਜਾਣ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਦਿਖਾਇਆ ਗਿਆ ਹੈ। ਕਾਲਕਾ ਨੇ ਕਿਹਾ, ‘‘ਉਹ ਥਾਂ ਕਦੇ ਵੀ ਗੁਰਦੁਆਰੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ।’’ ਇਸ ਤੋਂ ਇਲਾਵਾ, ਜੇ ਕੁਝ ਪੁਲੀਸ ਵਾਲੇ ਅੰਦਰ ਦਾਖ਼ਲ ਹੋਏ ਸਨ, ਤਾਂ ਦਰਬਾਰ ਹਾਲ ਵੱਲ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗੁਰਦੁਆਰਾ ਟਾਸਕ ਫੋਰਸ ਨੇ ਰੋਕ ਲਿਆ ਸੀ।’’ ਉਨ੍ਹਾਂ ਸ਼ਰਧਾਲੂਆਂ ਦੀ ਤਲਾਸ਼ੀ ਲੈਣ ਜਾਂ ਉਨ੍ਹਾਂ ਦਾ ਸਾਮਾਨ ਚੈੱਕ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।


