ਮਾਨਸਾ ਵਿੱਚ ਝੋਟਾ ਦੀ ਮੌਤ ’ਤੇ ਸੋਗ; ਸ਼ੁਭਾਸ਼ ਰਾਮ ਡਰਾਮੈਟਿਕ ਕਲੱਬ ਨੇ ਇਨਸਾਨੀਅਤ ਦੇ ਨਾਤੇ ਸਮਰਥਨ ਦਾ ਕੀਤਾ ਐਲਾਨ
ਮਾਨਸਾ : ਆਪਣਾ ਪੰਜਾਬ ਮੀਡੀਆ : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਅਗਰਵਾਲ ਭਾਈਚਾਰਾ ਵੀ ਹਮਾਇਤ ਵਿੱਚ ਨਿੱਤਰ ਆਇਆ ਹੈ। ਸ਼ੁਭਾਸ਼ ਰਾਮ ਡਰਾਮੈਟਿਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਅਤੇ ਪ੍ਰੈੱਸ ਸਕੱਤਰ ਬਲਜੀਤ ਸ਼ਰਮਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਸੀ ਅਤੇ ਉਸ ਦਾ ਕਤਲ ਬੇਹੱਦ ਦੁਖਦਾਈ ਤੇ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਘਟਨਾ ਪ੍ਰਤੀ ਸੋਗ ਅਤੇ ਸੰਵੇਦਨਾ ਪ੍ਰਗਟ ਕਰਦਿਆਂ ਮਾਨਸਾ ਵਿੱਚ ਇਸ ਸਾਲ ਦੇ ਦਸਹਿਰਾ ਉਤਸਵ ਅਤੇ ਰਾਮਲੀਲਾ ਦੇ ਪ੍ਰੋਗਰਾਮ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਕਲੱਬ ਦੇ ਆਗੂਆਂ ਨੇ ਕਿਹਾ ਕਿ ਇਹ ਫ਼ੈਸਲਾ ਕਿਸੇ ਸਿਆਸੀ ਮਕਸਦ ਨਾਲ ਨਹੀਂ, ਸਗੋਂ ਮਨੁੱਖਤਾ ਅਤੇ ਪਰਿਵਾਰ ਨਾਲ ਹਮਦਰਦੀ ਦੇ ਆਧਾਰ ’ਤੇ ਲਿਆ ਗਿਆ ਹੈ। ਦਸਹਿਰੇ ਦੇ ਪ੍ਰੋਗਰਾਮ ਲਈ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਅਤੇ ਰਾਵਣ ਦੇ ਪੁਤਲੇ ਵੀ ਤਿਆਰ ਸਨ, ਪਰ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਮਾਹੌਲ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਮਾਗਮ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਕਮੇਟੀ ਦਾ ਕਹਿਣਾ ਹੈ ਕਿ ਇਸ ਸਾਲ ਤਿਉਹਾਰ ਨੂੰ ਜਸ਼ਨ ਦੀ ਬਜਾਏ ਸੋਗ ਦੇ ਮਾਹੌਲ ਵਿੱਚ ਯਾਦ ਕੀਤਾ ਜਾਵੇਗਾ।
ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸ ਨੂੰ ਪਨਾਹ ਦੇਣ ਦੇ ਦੋਸ਼ ਹੇਠ ਵਿਪਨ ਗਰਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਦੋਵਾਂ ਨੂੰ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਝੋਟਾ ਦੇ ਕਤਲ ਤੋਂ ਬਾਅਦ ਮਾਨਸਾ ਵਿੱਚ ਲਗਾਤਾਰ ਰੋਸ ਅਤੇ ਇਨਸਾਫ਼ ਦੀ ਮੰਗ ਉੱਠ ਰਹੀ ਹੈ, ਜਦਕਿ ਪਰਿਵਾਰ ਅਤੇ ਸਮਰਥਕ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ।


