ਅਮਰੀਕੀ ਸਰਕਾਰੀ ਪ੍ਰੋਜੈਕਟ ਛੱਡ ਕੇ ਕੈਨੇਡੀਅਨ ਰੱਖਿਆ, ਯੂਰਪ ਤੇ ਤਾਈਵਾਨ ਵੱਲ ਵਧਾਏ ਕਦਮ
ਓਟਾਵਾ : ਆਪਣਾ ਪੰਜਾਬ ਮੀਡੀਆ : ਕੈਨੇਡਾ ਅਤੇ ਅਮਰੀਕਾ ਦਰਮਿਆਨ ਵਧ ਰਹੇ ਵਪਾਰਕ ਤਣਾਅ ਅਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ’ਤੇ ਵੀ ਸਪਸ਼ਟ ਦਿਸਣ ਲੱਗ ਪਿਆ ਹੈ। ਕੈਨੇਡਾ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀ ‘ਕੇਸਵੇਅ’ (Caseway) ਨੇ ਅਮਰੀਕੀ ਸਰਕਾਰ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਵੱਡਾ ਫ਼ੈਸਲਾ ਲਿਆ ਹੈ। ਕਾਨੂੰਨੀ ਅਤੇ ਰੱਖਿਆ ਖੇਤਰ ਲਈ ਏ.ਆਈ. ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਸਮੇਤ ਯੂਰਪ ਅਤੇ ਤਾਈਵਾਨ ਵਰਗੇ ਵਿਦੇਸ਼ੀ ਬਾਜ਼ਾਰਾਂ ਵੱਲ ਮੋੜ ਲਿਆ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਲ ਵਿਜੀਅਰ ਨੇ ਖ਼ੁਲਾਸਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ‘51ਵਾਂ ਰਾਜ’ ਬਣਾਉਣ ਬਾਰੇ ਦਿੱਤੇ ਬਿਆਨਾਂ ਅਤੇ ਤਣਾਅਪੂਰਨ ਵਪਾਰਕ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਵਿਜੀਅਰ ਨੇ ਕਿਹਾ, “ਜਦੋਂ ਇੱਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਹੈ, ਤਾਂ ਅਜਿਹੇ ਮਾਹੌਲ ਵਿੱਚ ਅਸੀਂ ਉਨ੍ਹਾਂ ਦੀਆਂ ਏ.ਆਈ. ਲੋੜਾਂ ਪੂਰੀਆਂ ਕਰਨ ਲਈ ਅੱਗੇ ਵਧਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ।


