ਚੋਣਾਂ ਦੇ ਰੰਗ-ਢੰਗ ਵੇਖਣ ਲਈ ਪਰਵਾਸੀ ਭਾਰਤੀ ਜਨਵਰੀ ਦੀਆਂ ਟਿਕਟਾਂ ਬੁੱਕ ਕਰਾਉਣ ਲੱਗੇ
ਵੈਨਕੂਵਰ : ਆਪਣਾ ਪੰਜਾਬ ਮੀਡੀਆ : ਪੰਜਾਬ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ-ਢੰਗ ਵੇਖਣ ਲਈ ਕੈਨੇਡਾ ਵੱਸੇ ਭਾਰਤੀਆਂ ਦੇ ਮਨਾਂ ਵਿੱਚ ਪੂਰਾ ਉਤਸ਼ਾਹ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਹੋਏ ਵੱਡੇ ਵਾਧੇ ਤੋਂ ਮਿਲਣ ਲੱਗਾ ਹੈ। ਚੋਣਾਂ ਵਿੱਚ ਹਿੱਸਾ ਲੈਣ ਜਾਂ ਰੰਗ-ਢੰਗ ਵੇਖਣ ਦੇ ਸੰਕੇਤ ਦੀ ਗਵਾਹੀ ਇਹ ਤੱਥ ਭਰਦਾ ਹੈ ਕਿ ਬਹੁਤੀਆਂ ਏਅਰਲਾਈਨਾਂ ਦੇ ਕਿਰਾਏ ਵਿੱਚ ਵਾਧਾ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਹੋਇਆ ਮਿਲਦਾ ਹੈ। ਟਿਕਟਾਂ ਬੁੱਕ ਕਰਦੇ ਕੁਝ ਏਜੰਟ ਇਹ ਦੱਸਣ ਤੋਂ ਨਹੀਂ ਝਿਜਕਦੇ ਕਿ ਇਸ ਵਾਧੇ ਦਾ ਕਾਰਨ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਨ।
ਬੇਸ਼ੱਕ ਕੁਝ ਏਅਰਲਾਈਨਾਂ ਨੇ ਜੈੱਟ ਫਿਊਲ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਫਿਊਲ ਸੈੱਸ ਲਾ ਕੇ ਕਿਰਾਏ ਵਧਾਏ ਹਨ, ਪਰ ਤਾਰੀਖ਼ ਵਾਰ ਚੈੱਕ ਕੀਤਿਆਂ ਉਸ ਦਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਨਜ਼ਰ ਆਉਂਦਾ ਹੈ। ਪਰ ਚੋਣਾਂ ਦੀ ਖਿੱਚ ਦਾ ਅਸਰ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੀ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਯਾਤਰੀ 1700-1800 ਡਾਲਰ ਮਿਲਣ ਵਾਲੀ ਟਿਕਟ, ਉਸ ਤੋਂ ਅਗਲੇ ਦਿਨਾਂ ਯਾਨੀ ਅੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਆਖ਼ਰ ਤੱਕ ਦੀਆਂ ਤਾਰੀਖ਼ਾਂ ਲਈ 3 ਹਜ਼ਾਰ ਡਾਲਰ ਤੱਕ ਪਹੁੰਚ ਗਈ ਹੈ ਅਤੇ ਅੱਗੋਂ ਤੋਂ ਘਟਦੀਆਂ ਜਾਂਦੀਆਂ ਹਨ।


