ਅਮਰੀਕੀ ਇਮੀਗ੍ਰੇਸ਼ਨ ਏਜੰਸੀ ਖ਼ਿਲਾਫ਼ ਪ੍ਰਦਰਸ਼ਨ ਤੇਜ਼; ਮਮਦਾਨੀ ਨੇ ਲੋਕਾਂ ਦੇ ਹੱਕਾਂ ਅਤੇ ਸੁਰੱਖਿਆ ਲਈ ਆਵਾਜ਼ ਬੁਲੰਦ ਕੀਤੀ
ਨਿਊਯਾਰਕ : ਆਪਣਾ ਪੰਜਾਬ ਮੀਡੀਆ : ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੇ ਏਜੰਟਾਂ ਵੱਲੋਂ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਹ ਘਟਨਾ ਬ੍ਰੋਂਕਸ ਦੇ ਮਾਰਬਲ ਹਿੱਲ ਇਲਾਕੇ ਵਿੱਚ ਵਾਪਰੀ, ਜਿੱਥੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀ ਪੰਜ ਸਾਲਾ ਬੱਚੇ ਸਮੇਤ ਕਾਰ ਵਿੱਚ ਸੀ, ਜਦੋਂ ਸੰਘੀ ਏਜੰਟਾਂ ਨੇ ਉਸ ਨੂੰ ਘੇਰ ਲਿਆ ਅਤੇ ਗੋਲੀਆਂ ਚਲਾਈਆਂ। ਮੇਅਰ ਨੇ ਕਿਹਾ ਕਿ ਬੱਚਾ ਸਰੀਰਕ ਤੌਰ ’ਤੇ ਸੁਰੱਖਿਅਤ ਹੈ ਅਤੇ ਜ਼ਖ਼ਮੀ ਵਿਅਕਤੀ ਦੇ ਪਰਿਵਾਰ ਨਾਲ ਉਨ੍ਹਾਂ ਦੀ ਹਮਦਰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਅਜਿਹੀ ਕਾਰਵਾਈ ਦੌਰਾਨ ਚੁੱਪ ਨਹੀਂ ਰਹਿਣਗੇ, ਜਿਸ ਨਾਲ ਭਾਈਚਾਰਿਆਂ ਵਿੱਚ ਡਰ ਦਾ ਮਾਹੌਲ ਬਣਦਾ ਹੋਵੇ।
ਮਮਦਾਨੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੰਪਰਕ ਕੀਤਾ ਹੈ ਅਤੇ ਗੱਲਬਾਤ ਦੌਰਾਨ ਨਿਊਯਾਰਕ ਸਿਟੀ ਵਿੱਚ ICE ਦੀਆਂ ਸਾਰੀਆਂ ਕਾਰਵਾਈਆਂ ਰੋਕਣ ਦੀ ਮੰਗ ਕਰਨਗੇ। ਉਨ੍ਹਾਂ ਨੇ ਏਜੰਸੀ ਨੂੰ ਰਿਹਾਇਸ਼ੀ ਇਲਾਕਿਆਂ, ਹਸਪਤਾਲਾਂ, ਸਕੂਲਾਂ ਅਤੇ ਸੜਕਾਂ ਤੋਂ ਦੂਰ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਦੂਜੇ ਪਾਸੇ, ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਏਜੰਟ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੇ ਸਨ, ਜਿਸ ਦਾ ਅਪਰਾਧਿਕ ਰਿਕਾਰਡ ਸੀ। ਹਾਲਾਂਕਿ, ਗੋਲੀ ਚਲਾਉਣ ਦੇ ਹਾਲਾਤਾਂ ਬਾਰੇ ਜਾਂਚ ਜਾਰੀ ਹੈ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਜ਼ਖ਼ਮੀ ਵਿਅਕਤੀ ਦੇ ਇਲਾਜ ਵਾਲੇ ਹਸਪਤਾਲ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਿੱਥੇ ਕੁਝ ਥਾਵਾਂ ’ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅ ਦੇਖਣ ਨੂੰ ਮਿਲਿਆ। ਮਮਦਾਨੀ ਦੇ ਬਿਆਨ ਨੇ ਅਮਰੀਕਾ ਵਿੱਚ ਸੰਘੀ ਇਮੀਗ੍ਰੇਸ਼ਨ ਕਾਰਵਾਈਆਂ ਅਤੇ ਸਥਾਨਕ ਭਾਈਚਾਰਿਆਂ ਦੀ ਸੁਰੱਖਿਆ ਬਾਰੇ ਚਰਚਾ ਨੂੰ ਮੁੜ ਤੇਜ਼ ਕਰ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ ਗੋਲੀਬਾਰੀ ਦੇ ਕਾਰਨਾਂ ਅਤੇ ਏਜੰਟਾਂ ਦੀ ਕਾਰਵਾਈ ਦੀ ਜਾਂਚ ਦੇ ਨਤੀਜਿਆਂ ’ਤੇ ਨਜ਼ਰ ਰਹੇਗੀ।


