ਅਕਰਾ ਵਿੱਚ ਜੈਸ਼ੰਕਰ ਨੇ ਭਾਰਤ-ਘਾਨਾ ਦੀ ਇਤਿਹਾਸਕ ਸਾਂਝ ਨੂੰ ਕੀਤਾ ਯਾਦ, ਵਪਾਰ, ਸਿਹਤ, ਰੱਖਿਆ, ਡਿਜੀਟਲ ਤਕਨਾਲੋਜੀ ਤੇ ਖੇਤੀਬਾੜੀ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ
ਅਕਰਾ : ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਘਾਨਾ ਦੌਰੇ ਦੌਰਾਨ ਕਿਹਾ ਕਿ ਭਾਰਤ ਅਤੇ ਘਾਨਾ ਲੰਬੇ ਸਮੇਂ ਤੋਂ ‘ਗਲੋਬਲ ਸਾਊਥ’ ਦੇ ਚੈਂਪੀਅਨ ਰਹੇ ਹਨ। ਘਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੁਜ਼ੇਟੋ ਅਬਲਾਕਵਾ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਸਾਂਝ ਉਨ੍ਹਾਂ ਦੇਸ਼ਾਂ ਦੀ ਆਜ਼ਾਦੀ, ਸਵੈ-ਨਿਰਭਰਤਾ ਅਤੇ ਵਿਕਾਸ ਦੇ ਸਮਰਥਨ ਦੀ ਸਾਂਝੀ ਵਿਰਾਸਤ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਵਿਆਪਕ ਸਾਂਝੇਦਾਰੀ ਨੂੰ ਨਵੇਂ ਖੇਤਰਾਂ ਤੱਕ ਲਿਜਾਣ ਦੀ ਲੋੜ ਹੈ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਘਾਨਾ ਸਿਹਤ, ਖੁਰਾਕ ਸੁਰੱਖਿਆ, ਡਿਜੀਟਲ ਤਕਨਾਲੋਜੀ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਆਪਣੇ ਤਜਰਬੇ ਸਾਂਝੇ ਕਰ ਸਕਦੇ ਹਨ। ਦੋਵਾਂ ਦੇਸ਼ਾਂ ਨੇ ਖੇਤੀਬਾੜੀ ਖੋਜ ਅਤੇ ਸਿਖਲਾਈ ਅਤੇ ਜੈਵ-ਵਿਭਿੰਨਤਾ ਨਾਲ ਸਬੰਧਤ ਦੋ ਸਮਝੌਤਿਆਂ ’ਤੇ ਵੀ ਦਸਤਖ਼ਤ ਕੀਤੇ। ਇਸ ਤੋਂ ਇਲਾਵਾ ਫਾਰਮਾਸਿਊਟੀਕਲ, ਸਿਹਤ, ਖਣਨ, ਰੱਖਿਆ, ਰੇਲਵੇ ਅਤੇ ਡਿਜੀਟਲ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਹੋਈ। ਮੈਂਬਰਸ਼ਿਪ ਲਈ ਰਸਮੀ ਤੌਰ ’ਤੇ ਅਰਜ਼ੀ ਦੇਣ ਦਾ ਫੈਸਲਾ ਵੀ ਕੀਤਾ ਹੈ।


