ਸਾਬਕਾ ਪ੍ਰਧਾਨ ਮੰਤਰੀ ਦੇ ਹਮਾਇਤੀਆਂ ਵੱਲੋਂ ਪਾਕਿਸਤਾਨ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਸ਼ੁਰੂ
ਇਸਲਾਮਾਬਾ: ਆਪਣਾ ਪੰਜਾਬ ਮੀਡੀਆ : ਪਾਕਿਸਤਾਨ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਨੇ ਖ਼ੈਬਰ ਪਖ਼ਤੂਨਖਵਾ ਤੋਂ ਇਸਲਾਮਾਬਾਦ ਵੱਲ ਆਪਣਾ ਲੰਮਾ ਮਾਰਚ ਸ਼ੁਰੂ ਕਰ ਦਿੱਤਾ ਹੈ। ਪੀ ਟੀ ਆਈ ਦੇ ਮਾਰਚ ਦੀ ਸ਼ੁਰੂਆਤ ਕਰਦਿਆਂ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਲੱਕੀ ਮਰਵਤ ਦੇ ਗੰਡੀ ਚੌਕ ਤੋਂ ਐਲਾਨ ਕੀਤਾ ਹੈ ਕਿ ਜਦੋਂ ਪਾਰਟੀ ਦਾ ਕਾਫ਼ਲਾ ਆਪਣੀ ਮੰਜ਼ਿਲ ਵੱਲ ਵਧਦਿਆਂ 8 ਅਕਤੂਬਰ ਨੂੰ ਖੈਰਾਬਾਦ ਪਹੁੰਚੇਗਾ, ਤਾਂ ਅਗਲੀ ਰਣਨੀਤੀ ਬਾਰੇ ਖੁਲਾਸਾ ਕੀਤਾ ਜਾਵੇਗਾ। ਇਸ ਮਾਰਚ ਦੌਰਾਨ ਪਾਰਟੀ ਹਮਾਇਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੀ ਟੀ ਆਈ ਨੇ ਪਹਿਲਾਂ 27 ਸਤੰਬਰ ਨੂੰ ਇਸਲਾਮਾਬਾਦ ਮਾਰਚ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ ਵਿੱਚ 4 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਸਰਕਾਰੀ ਵਾਰਤਾਕਾਰਾਂ ਅਤੇ ਪੀ ਟੀ ਆਈ ਆਗੂਆਂ ਦਰਮਿਆਨ ਮੀਟਿੰਗ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋਣ ਮਗਰੋਂ ਪਾਰਟੀ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।
ਪਾਰਟੀ ਦੀਆਂ ਮੁੱਖ ਮੰਗਾਂ ਵਿੱਚ ਜੇਲ੍ਹ ’ਚ ਬੰਦ ਪੀ ਟੀ ਆਈ ਦੇ ਬਾਨੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਫ਼ੌਰੀ ਮੁਲਾਕਾਤ, ਉਨ੍ਹਾਂ ਨੂੰ ਹਸਪਤਾਲ ਤਬਦੀਲ ਕਰਨਾ, ਤਾਂ ਕਿ ਪ੍ਰਾਈਵੇਟ ਡਾਕਟਰ ਉਨ੍ਹਾਂ ਦੀ ਜਾਂਚ ਤੇ ਇਲਾਜ ਕਰ ਸਕਣ ਅਤੇ ਗ੍ਰਿਫ਼ਤਾਰ ਵਰਕਰਾਂ ਤੇ ਆਗੂਆਂ ਦੀ ਰਿਹਾਈ ਸ਼ਾਮਲ ਹੈ। ਸਰਕਾਰ ਨੇ ਸ਼ਰਤ ਰੱਖੀ ਸੀ ਕਿ ਪਹਿਲਾਂ ਪਾਰਟੀ ਵਿਰੋਧ ਪ੍ਰਦਰਸ਼ਨ ਰੱਦ ਕਰੇ, ਜਿਸ ਨੂੰ ਪੀ ਟੀ ਆਈ ਨੇ ਠੁਕਰਾ ਦਿੱਤਾ। ਉੱਧਰ, ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮਾਰਚ ਦੌਰਾਨ ਕੋਈ ਜਾਨੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਦੀ ਹੋਵੇਗੀ। ਸਰਕਾਰ ਨੇ ਰਾਜਧਾਨੀ ਵੱਲ ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਸਖ਼਼ਤ ਕਰ ਦਿੱਤੀ ਹੈ।


