ਬਰਮੂਡਾ ਤੋਂ ਮਰੀਜ਼ ਨੂੰ ਬੋਸਟਨ ਪਹੁੰਚਾਉਣ ਲਈ ਭਰੀ ਸੀ ਉਡਾਣ
ਵੈਨਕੂਵਰ : ਆਪਣਾ ਪੰਜਾਬ ਮੀਡੀਆ : ਬਰਮੂਡਾ ਟਾਪੂ ਤੋਂ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰ ਨੂੰ ਲੈ ਕੇ ਬੋਸਟਨ (ਅਮਰੀਕਾ) ਲਈ ਸ਼ਨਿੱਚਰਵਾਰ ਨੂੰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਏ ਕੈਨੇਡਾ ਦੇ ਐਂਬੂਲੈਂਸ ਜਹਾਜ਼ ਦਾ ਸਮੁੰਦਰ ਵਿੱਚੋਂ ਮਲਬਾ ਪ੍ਰਾਪਤ ਹੋਇਆ ਹੈ। ਅਮਰੀਕੀ ਬਚਾਅ ਦਲ ਨੇ ਉਸ ਦੇ ਮਲਬੇ ਦੀ ਭਾਲ ਕਰ ਲਈ ਹੈ ਪਰ ਉਸ ਵਿੱਚ ਸਵਾਰ ਛੇ ਲੋਕ ਅਜੇ ਵੀ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਏਅਰ ਟ੍ਰੈਫਿਕ ਕੰਟਰੋਲ ਨਾਲ ਪਾਇਲਟ ਦੀ ਆਖਰੀ ਗੱਲ ਰਾਤ 1 ਵੱਜ ਕੇ 22 ਮਿੰਟ ’ਤੇ ਹੋਈ ਜਦੋਂ ਪਾਇਲਟ ਨੇ ਦੱਸਿਆ ਕਿ ਉਹ ਹਨੇਰੇ ਵਿੱਚ ਘਿਰ ਗਿਆ ਹੈ। ਉਸ ਦੀ ਆਵਾਜ਼ ਏ ਟੀ ਸੀ ਤੱਕ ਕੱਟ-ਕੱਟ ਕੇ ਪਹੁੰਚਣ ਲੱਗੀ। ਇੱਕ ਦਮ ਜਹਾਜ਼ ਦੀ ਉਚਾਈ 24 ਹਾਜ਼ਰ ਫੁੱਟ ਤੋਂ 11 ਹਾਜ਼ਰ ਤੱਕ ਆ ਗਈ। ਇਸ ਤੋਂ ਬਾਅਦ ਸੰਪਰਕ ਟੁੱਟਣ ‘ਤੇ ਏ ਟੀ ਸੀ ਨੇ ਅਮਰੀਕਨ ਬਚਾਅ ਦਲ ਨੂੰ ਸੂਚਿਤ ਕੀਤਾ ਅਤੇ ਉਹ ਭਾਲ ਵਿੱਚ ਲੱਗ ਗਏ।
ਕੈਨੇਡਾ ਦੇ ਸ਼ਹਿਰ ਹੈਮਿਲਟਨ ਦੀ ਕੰਪਨੀ ਕੋਲ 4 ਐਂਬੂਲੈਂਸ ਜੈੱਟ ਜਹਾਜ਼ਾਂ ਵਿੱਚੋਂ ਇੱਕ ਨੂੰ ਬਰਮੂਡਾ ਦੇ ਕਿਸੇ ਮਰੀਜ਼ ਨੂੰ ਬੋਸਟਨ ਤੱਕ ਪਹੁੰਚਾਉਣ ਲਈ ਕਿਰਾਏ ’ਤੇ ਲਿਆ ਗਿਆ ਸੀ। ਜਹਾਜ਼ ਵਿੱਚ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰ ਤੋਂ ਇਲਾਵਾ ਦੋ ਪਾਇਲਟ ਤੇ ਦੋ ਡਾਕਟਰ ਸਨ, ਜੋ ਕੈਨੇਡਾ ਦੇ ਨਾਗਰਿਕ ਸਨ। ਕੰਪਨੀ ਦੇ 5 ਹਜ਼ਾਰ ਕਿਲੋਮੀਟਰ ਤੱਕ ਉਡਾਣ ਭਰਨ ਵਾਲੇ ਜਹਾਜ਼ਾਂ ਵਿੱਚੋਂ ਕਿਸੇ ਨਾਲ ਹੋਇਆ ਇਹ ਪਹਿਲਾ ਹਾਦਸਾ ਹੈ। ਜਾਣਕਾਰਾਂ ਅਨੁਸਾਰ ਬਰਮੂਡਾ ਟਾਪੂ ਕੋਲ ਇੱਕ ਅਜਿਹਾ ਖੇਤਰ ਹੈ, ਜਿੱਥੇ ਕਦੇ-ਕਦੇ ਧਰਤੀ ਦੀ ਆਮ ਖਿੱਚ ਤੋਂ ਕਈ ਗੁਣਾ ਵੱਧ ਖਿੱਚ ਪੈਦਾ ਹੋਣ ਕਰਕੇ ਕਿਸੇ ਲਈ ਵੀ ਔਖੇ ਹਾਲਾਤ ਪੈਦਾ ਹੋ ਜਾਂਦੇ ਹਨ। ਜਾਂਚ ਵਿੱਚ ਇਸ ਗੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੋ ਛੋਟੇ ਹਵਾਈ ਜਹਾਜ਼ਾਂ ਅਤੇ ਪਣਡੁੱਬੀਆਂ ਨਾਲ ਜਹਾਜ਼ ਦੀ ਭਾਲ ਵਿੱਚ ਲੱਗੇ ਹੋਏ ਬਚਾਅ ਦਲ ਨੇ ਸ਼ਨਿੱਚਰਵਾਰ ਦੇਰ ਰਾਤ ਮਲਬੇ ਦੀ ਭਾਲ ਕਰ ਲਈ ਸੀ, ਪਰ ਉਨ੍ਹਾਂ ਨੂੰ ਸਵਾਰਾਂ ਵਿੱਚੋਂ ਕੋਈ ਵੀ ਜਿੰਦਾ ਜਾਂ ਲਾਸ਼ ਨਹੀਂ ਮਿਲੀ। ਦੇਰ ਰਾਤ ਦਲ ਵੱਲੋਂ ਕਿਹਾ ਗਿਆ ਕਿ ਉਹ ਰਾਤ ਦੇ ਹਨੇਰੇ ਵਿੱਚ ਵੀ ਭਾਲ ਜਾਰੀ ਰੱਖਣਗੇ ਤਾਂ ਕਿ ਸਵਾਰਾਂ ਵਿੱਚੋਂ ਕੋਈ ਵੀ ਜੇਕਰ ਜਿੰਦਾ ਹੋਇਆ ਤਾਂ ਉਸ ਨੂੰ ਬਚਾਇਆ ਜਾ ਸਕੇ। ਪਰ ਐਤਵਾਰ ਸਵੇਰ, ਯਾਨੀ ਖ਼ਬਰ ਲਿਖੇ ਜਾਣ ਤੱਕ ਬਚਾਅ ਦਲ ਨੇ ਕੋਈ ਨਵੀਂ ਸੂਚਨਾ ਜਾਰੀ ਨਹੀਂ ਕੀਤੀ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਚਾਅ ਦਲ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ।


