ਸੰਸਦ ਮੈਂਬਰ ਗੁਰਮੇਸ਼ ਸਿੰਘ ਨੇ ਕਿਸਾਨਾਂ ਦਾ ਚੁੱਕਿਆ ਮੁੱਦਾ
ਪੈਸਫਿਕ ਹਾਈਵੇਅ ਦੁਆਲੇ ਜੁੜਿਆ ਕੋਫਸ ਹਾਰਬਰ ‘ਬਿੱਗ ਬਨਾਨਾ’ ਬਣਿਆ ਸੈਲਾਨੀਆਂ ’ਚ ਖਿੱਚ ਦਾ ਕੇਂਦਰ
ਸਿਡਨੀ : ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਵਿੱਚ ਟਾਊਨ ਵੱਲਗੂਲਗਾ ਪੰਜਾਬੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਸੂਬਾ ਨਿਊ ਸਾਊਥ ਵੇਲਜ਼ ਦੇ ਮੱਧ ਉੱਤਰੀ ਸਮੁੰਦਰੀ ਸਾਹਿਲ ਨਾਲ ਪੈਸਫਿਕ ਹਾਈਵੇਅ ਦੁਆਲੇ ਜੁੜਿਆ ਕੋਫਸ ਹਾਰਬਰ ‘ਬਿੱਗ ਬਨਾਨਾ’ ਸੈਲਾਨੀਆਂ ’ਚ ਖਿੱਚ ਦਾ ਕੇਂਦਰ ਹੈ। ਇੱਥੇ ਸੈਂਕੜੇ ਏਕੜਾਂ ਦੇ ਫਾਰਮ ਹਾਊਸਾਂ ਵਿੱਚ ਕੇਲੇ, ਬਲੂਬੈਰੀ, ਸਟਰਾਅਬੈਰੀ ਦੀ ਕਾਸ਼ਤ ਕੀਤੀ ਜਾਂਦੀ ਹੈ।
ਬੇਆਬਾਦ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬਰਤਾਨਵੀ ਰਾਜ ਨੇ ਇੱਥੇ ਲਿਆ ਕੇ ਸਿੱਖਾਂ ਨੂੰ ਵਸਾਇਆ। ਆਸਟਰੇਲੀਆ ਵਿੱਚ ਪੰਜਾਬੀਆਂ ਦੀ ਆਮਦ ਕਰੀਬ 100 ਸਾਲ ਤੋਂ ਪਹਿਲਾਂ ਹੋਈ ਸੀ। ਇੱਥੇ ਹੀ ਮੁਲਕ ਦਾ ਪਹਿਲਾ ਗੁਰਦੁਆਰਾ ਬਣਿਆ। ਵੱਲਗੂਲਗਾ ਤੋਂ ਫਲ ਅਤੇ ਸਬਜ਼ੀਆਂ ਖ਼ਰੀਦਣ ਲਈ ਆਸਟਰੇਲੀਆ ਦੀ ਪ੍ਰਮੁੱਖ ਕੋਲਜ਼ ਸੁਪਰ ਮਾਰਕੀਟ ਨੇ ਹੁਣ ਇਨਕਾਰ ਕਰ ਦਿੱਤਾ ਹੈ। ਕੋਲਜ਼ ਇਸ ਮਹੀਨੇ ਕੇਲੇ, ਖੀਰੇ, ਕੱਦੂ ਆਦਿ ਫਲ ਤੇ ਸਬਜ਼ੀਆਂ ਲੈਣਾ ਬੰਦ ਕਰੇਗਾ, ਜਿਸ ਕਾਰਨ ਸੈਂਕੜੇ ਪਰਿਵਾਰ ਪ੍ਰਭਾਵਿਤ ਹੋਣਗੇ। ਵੱਲਗੂਲਗਾ-ਕੋਫਸ ਹਾਰਬਰ ਖੇਤਰ ਦੇ ਕੇਲਾ ਕਾਸ਼ਤਕਾਰਾਂ ਵਿੱਚ ਪੰਜਾਬੀ ਕਿਸਾਨਾਂ ਦੀ ਵੱਡੀ ਹਿੱਸੇਦਾਰੀ ਹੈ। ਹੁਣ ਕੋਲਜ਼ ਵੱਲੋਂ ਕੇਲੇ ਉੱਤਰੀ ਕੁਈਨਜ਼ਲੈਂਡ ਤੋਂ ਲਿਆਉਣ ਦੀ ਯੋਜਨਾ ਹੈ।
ਕਿਸਾਨਾਂ ਨੇ ਰੋਸ ਜਤਾਇਆ ਕਿ ਫਲ ਲਗਭਗ 1,600 ਕਿਲੋਮੀਟਰ ਦੂਰੋਂ ਲਿਆ ਕੇ ਵੇਚਿਆ ਜਾ ਰਿਹਾ ਹੈ, ਜਦੋਂ ਕਿ ਸਥਾਨਕ ਖੇਤ ਕੁਝ ਕਿਲੋਮੀਟਰ ਦੂਰ ਹਨ। ਕੋਲਜ਼ ਮੁਤਾਬਕ ਦੂਜੇ ਸੂਬੇ ਵਿੱਚੋਂ ਕੇਲਾ ਅਤੇ ਹੋਰ ਸਬਜ਼ੀਆਂ ਸਸਤੀਆਂ ਪੈਂਦੀਆਂ ਹਨ। ਕੋਫਸ ਹਾਰਬਰ ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਉਨ੍ਹਾਂ ਸੰਸਦ ਵਿੱਚ ਕਿਹਾ ਕਿ ਉਹ ਕਿਸਾਨੀ ਪਰਿਵਾਰ ਵਿੱਚ ਪਲੇ ਹਨ ਅਤੇ ਕਿਸਾਨਾਂ ਦੀ ਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਵੱਲਗੂਲਗਾ ਨਾਲ ਖੇਤੀਬਾੜੀ ਰਾਹੀਂ ਲੰਮਾ ਨਾਤਾ ਰਿਹਾ ਹੈ। ‘ਸੇਵ ਕੋਫਸ ਬਨਾਨਾਜ਼’ ਮੁਹਿੰਮ ਨੇ ਹੁਣ ਤੱਕ 17,000 ਤੋਂ ਵੱਧ ਦਸਤਖ਼ਤ ਇਕੱਠੇ ਕੀਤੇ ਹਨ।


