ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਕਤੂਬਰ ਦੇ ਅਖੀਰ ਵਿੱਚ ਭਾਰਤ ਦਾ ਦੌਰਾ ਕਰਨਗੇ। ਪੋਲੈਂਡ ਦੇ ਵਿੱਤ ਅਤੇ ਅਰਥਵਿਵਸਥਾ ਮੰਤਰੀ ਆਂਦਰੇਜ ਦੋਮਾਂਸਕੀ ਨੇ ਦੱਸਿਆ ਕਿ ਟਸਕ ਦੇ ਨਾਲ ਕਰੀਬ 100 ਪ੍ਰਮੁੱਖ ਪੋਲਿਸ਼ ਕੰਪਨੀਆਂ ਦਾ ਵਫ਼ਦ ਵੀ ਭਾਰਤ ਆਵੇਗਾ। ਦੌਰੇ ਦੌਰਾਨ ਨਵੀਂ ਦਿੱਲੀ ਅਤੇ ਬੈਂਗਲੁਰੂ ਜਾਣ ਦੀ ਯੋਜਨਾ ਹੈ ਅਤੇ ਆਰਥਿਕ ਸਹਿਯੋਗ ਇਸ ਦੌਰੇ ਦਾ ਮੁੱਖ ਕੇਂਦਰ ਰਹੇਗਾ।
ਦੋਮਾਂਸਕੀ ਮੁਤਾਬਕ ਭਾਰਤ ਅਤੇ ਪੋਲੈਂਡ ਵਿਚਾਲੇ ਵਪਾਰ, ਨਿਵੇਸ਼, ਰੱਖਿਆ, ਪੁਲਾੜ, ਮਸ਼ੀਨਰੀ ਅਤੇ ਫੂਡ ਪ੍ਰੋਸੈਸਿੰਗ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਹਨ। ਪੋਲੈਂਡ ਆਪਣੇ ਰੱਖਿਆ ਉਦਯੋਗ ਦੀਆਂ ਕੰਪਨੀਆਂ ਨੂੰ ਵੀ ਭਾਰਤ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਭਾਰਤ ਨੂੰ ਰੱਖਿਆ ਉਤਪਾਦਾਂ ਦੀ ਬਰਾਮਦ ਵਧਾਉਣ ਵਿੱਚ ਦਿਲਚਸਪੀ ਜਤਾਈ ਹੈ।
ਇਹ ਦੌਰਾ ਭਾਰਤ-ਪੋਲੈਂਡ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਸੰਦਰਭ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਸਤ 2024 ਵਿੱਚ ਪੋਲੈਂਡ ਦੌਰੇ ਦੌਰਾਨ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਪੰਜ ਸਾਲਾ ਐਕਸ਼ਨ ਪਲਾਨ ’ਤੇ ਸਹਿਮਤੀ ਬਣਾਈ ਸੀ, ਜਿਸ ਵਿੱਚ ਵਪਾਰ, ਰੱਖਿਆ, ਊਰਜਾ, ਹਰੀ ਤਕਨਾਲੋਜੀ, ਖੇਤੀਬਾੜੀ ਅਤੇ ਬੁਨਿਆਦੀ ਢਾਂਚਾ ਸ਼ਾਮਲ ਹਨ।
ਪੋਲੈਂਡ ਦੇ ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਦੇਸ਼ G20 ਦੀ ਮੈਂਬਰਸ਼ਿਪ ਹਾਸਲ ਕਰਨ ਲਈ ਸਮਰਥਨ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਲੈਂਡ ਭਾਰਤ ਨਾਲ ਲੰਬੇ ਸਮੇਂ ਦੇ ਆਰਥਿਕ ਅਤੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।
ਅਕਤੂਬਰ ਦੇ ਅਖੀਰ ’ਚ ਭਾਰਤ ਆਉਣਗੇ ਪੋਲੈਂਡ ਦੇ PM ਡੋਨਾਲਡ ਟਸਕ, ਕਰੀਬ 100 ਕੰਪਨੀਆਂ ਦਾ ਵਫ਼ਦ ਵੀ ਹੋਵੇਗਾ ਨਾਲ
Leave a Comment


