ਅਮਰੀਕੀ ਸਿਹਤ ਯੋਜਨਾਵਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਦੇ ਦੋਸ਼; ਦੋਵਾਂ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਲੰਡਨ : ਆਪਣਾ ਪੰਜਾਬ ਮੀਡੀਆ : ਬ੍ਰਿਟਿਸ਼-ਭਾਰਤੀ ਕਾਰੋਬਾਰੀ ਸੁਖੀ ਘੁਮਨ ਅਤੇ ਉਸ ਦੀ ਸਾਬਕਾ ਪਤਨੀ ਕਿਰਨਜੀਤ ਘੁਮਨ ਅਮਰੀਕਾ ਨੂੰ ਹਵਾਲਗੀ ਦੇਣ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਦੋਵੇਂ 48 ਸਾਲ ਦੇ ਹਨ ਅਤੇ ਇਸ ਸਮੇਂ ਯੂਕੇ ਵਿੱਚ ਰਹਿ ਰਹੇ ਹਨ। ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟਸ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਅਮਰੀਕੀ ਪੱਖ ਨੇ ਦੋਸ਼ ਲਗਾਇਆ ਕਿ ਸਤੰਬਰ 2019 ਤੋਂ ਅਪ੍ਰੈਲ 2023 ਤੱਕ ਉਨ੍ਹਾਂ ਨੇ ਮੈਡੀਕੇਅਰ ਅਤੇ ਹੋਰ ਸਿਹਤ ਬੀਮਾ ਯੋਜਨਾਵਾਂ ਤੋਂ ਲੱਖਾਂ ਡਾਲਰ ਕਥਿਤ ਤੌਰ ’ਤੇ ਹਾਸਲ ਕੀਤੇ। ਦੋਸ਼ ਹੈ ਕਿ ਕੈਲੀਫੋਰਨੀਆ ਅਤੇ ਐਰੀਜ਼ੋਨਾ ਵਿੱਚ ਉਨ੍ਹਾਂ ਨਾਲ ਜੁੜੇ ਕੈਂਸਰ ਇਲਾਜ ਕੇਂਦਰਾਂ ਵਿੱਚ ਵਿਦੇਸ਼ਾਂ ਤੋਂ ਲਿਆਂਦੀਆਂ ਗੈਰ-ਮਨਜ਼ੂਰ ਅਤੇ ਕੁਝ ਮਾਮਲਿਆਂ ਵਿੱਚ ਮਿਆਦ ਪੁੱਗ ਚੁੱਕੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ।
ਅਮਰੀਕੀ ਹਵਾਲਗੀ ਅਰਜ਼ੀ ਵਿੱਚ ਇੱਕ ਹੋਰ ਕਥਿਤ ਮਾਮਲੇ ਦਾ ਵੀ ਜ਼ਿਕਰ ਹੈ, ਜਿਸ ਵਿੱਚ ਐੱਫਡੀਏ ਵੱਲੋਂ ਮਨਜ਼ੂਰ ਦਵਾਈਆਂ ਨੂੰ ਅਮਰੀਕੀ ਮੈਡੀਕਲ ਥੋਕ ਵਿਕਰੇਤਾਵਾਂ ਤੋਂ ਖਰੀਦ ਕੇ ਬਿਨਾਂ ਲੋੜੀਂਦੇ ਲਾਇਸੈਂਸ ਦੇ ਮੁੜ ਵੇਚਣ ਦੇ ਦੋਸ਼ ਲਗਾਏ ਗਏ ਹਨ। ਅਮਰੀਕੀ ਅਦਾਲਤ ਵੱਲੋਂ ਦੋਵਾਂ ਖ਼ਿਲਾਫ਼ ਅਕਤੂਬਰ 2023 ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਸੁਖੀ ਅਤੇ ਕਿਰਨਜੀਤ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਦੇ ਵਕੀਲਾਂ ਨੇ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਹਵਾਲਗੀ ਨੂੰ ਚੁਣੌਤੀ ਦਿੱਤੀ ਹੈ। ਵੱਖਰੇ ਡਰੱਗ ਸਮੱਗਲਿੰਗ ਮਾਮਲੇ ਵਿੱਚ ਦੋਸ਼ ਸਾਬਤ ਹੋਣ ’ਤੇ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਵੱਲੋਂ ਹਵਾਲਗੀ ਸਬੰਧੀ ਫ਼ੈਸਲਾ ਬਾਅਦ ਵਿੱਚ ਸੁਣਾਏ ਜਾਣ ਦੀ ਉਮੀਦ ਹੈ।


