ਦੋਵਾਂ ਆਗੂਆਂ ਨੇ ਵਪਾਰ, ਰੱਖਿਆ, ਊਰਜਾ ਅਤੇ ਕ੍ਰਿਟੀਕਲ ਤਕਨਾਲੋਜੀ ’ਤੇ ਕੀਤੀ ਚਰਚਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੁੱਧਵਾਰ ਨੂੰ ਟੈਲੀਫੋਨ ’ਤੇ ਗੱਲਬਾਤ ਹੋਈ। ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਸਬੰਧਾਂ ਅਤੇ ਵਪਾਰ, ਰੱਖਿਆ, ਊਰਜਾ ਤੇ ਕ੍ਰਿਟੀਕਲ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ।
ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇਸ ਗੱਲਬਾਤ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਬਹੁਤ ਵਧੀਆ ਗੱਲਬਾਤ ਹੋਈ।” ਦੋਵਾਂ ਆਗੂਆਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਚੱਲ ਰਹੀਆਂ ਕੋਸ਼ਿਸ਼ਾਂ ’ਤੇ ਵੀ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਗੱਲਬਾਤ ਨੂੰ ‘ਉਤਪਾਦਕ’ ਦੱਸਦਿਆਂ ਕਿਹਾ ਕਿ ਦੋਵੇਂ ਦੇਸ਼ ਆਪਣੀ Comprehensive Global Strategic Partnership ਨੂੰ ਅੱਗੇ ਵਧਾਉਣ ਲਈ ਨਜ਼ਦੀਕੀ ਸੰਪਰਕ ਬਣਾਈ ਰੱਖਣ ’ਤੇ ਸਹਿਮਤ ਹੋਏ ਹਨ। ਇਹ ਗੱਲਬਾਤ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਦਰਮਿਆਨ ਹੋਈ ਹੈ।


