ਵਾਸ਼ਿੰਗਟਨ / ਓਟਵਾ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੀ ਖੁਰਾਕੀ ਵਸਤਾਂ ਇੰਪੋਰਟ ਕਰਨ ਵਾਲੀ ਕੰਪਨੀ ਨੇ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਰਿਫ਼ ਲਾਉਣ ਦੇ ਮਾਮਲੇ ਵਿੱਚ ਟਰੰਪ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਨਿਊ ਜਰਸੀ ਸਥਿਤ ‘ਗੇਲਰਟ ਗਲੋਬਲ ਗਰੁੱਪ’ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਟੈਰਿਫ਼ ਲਾਉਣ ਲਈ ਆਪਣੇ ਅਧਿਕਾਰਾਂ ਦੀ ਹੱਦ ਪਾਰ ਕੀਤੀ ਹੈ। ਕੰਪਨੀ ਪਿਛਲੇ ਲਗਭਗ 100 ਸਾਲਾਂ ਤੋਂ ਕੈਨੇਡਾ ਤੋਂ ਪਨੀਰ ਮੰਗਵਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕੈਨੇਡੀਅਨ ਡੇਅਰੀ ਉਤਪਾਦਾਂ ’ਤੇ ਲਾਏ ਗਏ ਟੈਰਿਫ਼ ਕਾਰਨ ਉਸ ਨੂੰ ਹਰ ਸਾਲ 4 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਕੰਪਨੀ ਵੱਲੋਂ ਲਿਬਰਟੀ ਜਸਟਿਸ ਸੈਂਟਰ ਰਾਹੀਂ ਨਿਊ ਯੌਰਕ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਪਟੀਸ਼ਨ ਵਿੱਚ ਟੈਰਿਫ਼ਾਂ ਨੂੰ ਗ਼ੈਰਕਾਨੂੰਨੀ ਕਰਾਰ ਦੇਣ ਅਤੇ ਵਸੂਲੀ ਗਈ ਰਕਮ ਵਿਆਜ ਸਮੇਤ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ। ਕੰਪਨੀ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ 1930 ਦੇ ਵਪਾਰ ਕਾਨੂੰਨ ਦੀ ਵਰਤੋਂ ਕਰਕੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਰਿਹਾ ਹੈ। ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਨੇ ਅਦਾਲਤ ਵਿੱਚ ਇਨ੍ਹਾਂ ਕਦਮਾਂ ਦਾ ਜ਼ੋਰਦਾਰ ਬਚਾਅ ਕਰਨ ਦੀ ਗੱਲ ਕਹੀ ਹੈ।


