ਨਵੇਂ PCC ਪ੍ਰਧਾਨ ਨੂੰ ਲੈ ਕੇ ਹਾਈਕਮਾਂਡ ਵਿੱਚ ਮੰਥਨ ਤੇਜ਼, ਕਈ ਸੀਨੀਅਰ ਆਗੂਆਂ ਦੇ ਨਾਮ ਚਰਚਾ ਵਿੱਚ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਬਦਲਣ ਦੀ ਪ੍ਰਕਿਰਿਆ ਦਰਮਿਆਨ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਦਿੱਲੀ ਵਿੱਚ ਹਾਈਕਮਾਂਡ ਨਾਲ ਮੁਲਾਕਾਤਾਂ ਕਰ ਰਹੇ ਹਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵੱਖ-ਵੱਖ ਧੜਿਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਨਵੇਂ ਪ੍ਰਧਾਨ ਬਾਰੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਲਈ ਵਿਜੈ ਇੰਦਰ ਸਿੰਗਲਾ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਕੇ.ਪੀ. ਸਿੰਘ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਕਈ ਨਾਮ ਚਰਚਾ ਵਿੱਚ ਹਨ। ਰਾਜਾ ਵੜਿੰਗ ਨੂੰ ਹਾਈਕਮਾਂਡ ਵੱਲੋਂ ਅਹੁਦਾ ਬਦਲਣ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਗਈ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਅਤੇ ਜਥੇਬੰਦਕ ਅਹੁਦੇਦਾਰਾਂ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ਤੋਂ ਬਾਅਦ ਹਾਈਕਮਾਂਡ ਨੇ ਲੀਡਰਸ਼ਿਪ ਬਦਲਣ ਦੀ ਪ੍ਰਕਿਰਿਆ ਅੱਗੇ ਵਧਾਈ ਹੈ। ਨਵੇਂ ਪ੍ਰਧਾਨ ਬਾਰੇ ਅਧਿਕਾਰਤ ਐਲਾਨ ਹਾਲੇ ਨਹੀਂ ਹੋਇਆ ਅਤੇ ਅਗਲੇ ਇੱਕ-ਦੋ ਦਿਨਾਂ ਵਿੱਚ ਫ਼ੈਸਲਾ ਸਾਹਮਣੇ ਆਉਣ ਦੀਆਂ ਰਿਪੋਰਟਾਂ ਹਨ।


