ਜਿੱਥੇ SIR ਪ੍ਰਕਿਰਿਆ ਪੂਰੀ ਹੋ ਚੁੱਕੀ, ਉੱਥੇ ਨਵੇਂ ਵੋਟਰਾਂ ਨੂੰ ਹੁਣ ਸਿਰਫ਼ ਮੂਲ Form-6 ਭਰਨਾ ਹੋਵੇਗਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਚੋਣ ਕਮਿਸ਼ਨ ਨੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਵਰਤੇ ਜਾਣ ਵਾਲੇ ਆਨਲਾਈਨ Form-6 ਵਿੱਚ ਜੋੜਿਆ ਗਿਆ ਵਾਧੂ Special Intensive Revision (SIR) ਘੋਸ਼ਣਾ ਪੱਤਰ ਉਨ੍ਹਾਂ ਸੂਬਿਆਂ ਵਿੱਚ ਹਟਾ ਦਿੱਤਾ ਹੈ ਜਿੱਥੇ SIR ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਇਨ੍ਹਾਂ ਸੂਬਿਆਂ ਵਿੱਚ ਨਵੇਂ ਵੋਟਰਾਂ ਨੂੰ Registration of Electors Rules, 1960 ਤਹਿਤ ਨਿਰਧਾਰਤ ਮੂਲ Form-6 ਹੀ ਭਰਨਾ ਹੋਵੇਗਾ।
ਵਾਧੂ ਘੋਸ਼ਣਾ ਪੱਤਰ ਵਿੱਚ ਬਿਨੈਕਾਰ ਤੋਂ ਆਪਣੇ ਜਾਂ ਮਾਤਾ-ਪਿਤਾ/ਦਾਦਾ-ਦਾਦੀ ਦੇ ਪਿਛਲੀ SIR ਦੌਰਾਨ ਤਿਆਰ ਕੀਤੇ ਵੋਟਰ ਰਿਕਾਰਡ ਨਾਲ ਸਬੰਧਤ ਜਾਣਕਾਰੀ ਮੰਗੀ ਜਾਂਦੀ ਸੀ। ਇਸ ਵਿੱਚ ਪੁਰਾਣੀ ਵੋਟਰ ਸੂਚੀ ਦੇ ਹਲਕੇ, ਬੂਥ ਅਤੇ ਸੀਰੀਅਲ ਨੰਬਰ ਵਰਗੇ ਵੇਰਵੇ ਵੀ ਸ਼ਾਮਲ ਸਨ। ਇਸ ਵਾਧੂ ਲੋੜ ਨੂੰ ਲੈ ਕੇ ਚੋਣ ਕਮਿਸ਼ਨ ਦੇ ਅੰਦਰ ਵੀ ਇਤਰਾਜ਼ ਸਾਹਮਣੇ ਆਏ ਸਨ।
ਹਾਲਾਂਕਿ ਜਿਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR ਦੀ ਪ੍ਰਕਿਰਿਆ ਅਜੇ ਜਾਰੀ ਹੈ, ਉੱਥੇ ਇਹ ਵਾਧੂ ਘੋਸ਼ਣਾ ਪੱਤਰ ਫਿਲਹਾਲ ਲਾਗੂ ਰਹੇਗਾ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਮੂਲ Form-6 ਵਿੱਚ ਕਾਨੂੰਨੀ ਤੌਰ ’ਤੇ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ ਅਤੇ ਵਾਧੂ ਘੋਸ਼ਣਾ ਪੱਤਰ SIR ਨਾਲ ਸਬੰਧਤ ਲੋੜ ਵਜੋਂ ਜੋੜਿਆ ਗਿਆ ਸੀ।


