ਬਹਿਰੀਨ ਤੋਂ ਆਈ ਮਹਿਲਾ ਨੂੰ ਮਿਲੀਆਂ ਕਥਿਤ ਸਹੂਲਤਾਂ ’ਤੇ ਸਪੱਸ਼ਟੀਕਰਨ ਦੀ ਮੰਗ; ਮਾਮਲੇ ਦੀ ਨਿਰਪੱਖ ਜਾਂਚ ਲਈ SGPC ਮੈਂਬਰਾਂ ਨੂੰ ਯੋਗ ਮੰਚ ’ਤੇ ਆਵਾਜ਼ ਚੁੱਕਣ ਦੀ ਅਪੀਲ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਵੱਖ-ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਮੂਹ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਬਹਿਰੀਨ ਤੋਂ ਆਈ ਇੱਕ ਮਹਿਲਾ ਨਾਲ ਜੁੜੇ ਮਾਮਲੇ ਸਬੰਧੀ ਸਵਾਲ ਚੁੱਕੇ ਹਨ। ਪੰਥਕ ਅਸੈਂਬਲੀ ਨੇ SGPC ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਸੰਸਥਾ ਦੀ ਸਾਖ ਨਾਲ ਜੁੜੇ ਸਵਾਲਾਂ ਦੇ ਜਵਾਬ ਲਈ ਯੋਗ ਮੰਚ ’ਤੇ ਆਵਾਜ਼ ਉਠਾਉਣ।
ਪੱਤਰ ਵਿੱਚ ਲਗਭਗ 12 ਸਵਾਲ ਪੁੱਛੇ ਗਏ ਹਨ। ਇਨ੍ਹਾਂ ਵਿੱਚ ਮਹਿਲਾ ਨੂੰ ਬਹਿਰੀਨ ਤੋਂ ਕੌਣ ਲੈ ਕੇ ਆਇਆ, ਯਾਤਰਾ ਜਾਂ ਟਿਕਟਾਂ ਦਾ ਪ੍ਰਬੰਧ ਕਿਸ ਨੇ ਕੀਤਾ, SGPC ਦੀਆਂ ਸਰਾਵਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਕਿਸ ਦੀ ਸਿਫ਼ਾਰਸ਼ ’ਤੇ ਦਿੱਤੀ ਗਈ ਅਤੇ SGPC ਦਾ ਵਾਹਨ ਤੇ ਡਰਾਈਵਰ ਕਿਸ ਦੇ ਹੁਕਮ ’ਤੇ ਮੁਹੱਈਆ ਕਰਵਾਇਆ ਗਿਆ—ਜਿਹੇ ਸਵਾਲ ਸ਼ਾਮਲ ਹਨ। ਇਸ ਤੋਂ ਇਲਾਵਾ SGPC ਦੇ ਫ਼ੰਡਾਂ ਜਾਂ ਕਿਸੇ ਮੈਂਬਰ ਜਾਂ ਕਰਮਚਾਰੀ ਵੱਲੋਂ ਮਹਿਲਾ ਨੂੰ ਕੋਈ ਸਹਾਇਤਾ ਦਿੱਤੀ ਗਈ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਪੰਥਕ ਅਸੈਂਬਲੀ ਨਾਲ ਜੁੜੇ ਆਗੂਆਂ ਨੇ ਕਿਹਾ ਕਿ SGPC ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ, ਪਰ ਜਾਂਚ ਨੂੰ ਸਿਰਫ਼ ਦੋ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ਾਂ ਤੱਕ ਸੀਮਤ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ SGPC ਪੰਥ ਦੀ ਸੰਸਥਾ ਹੈ ਅਤੇ ਇਸ ਲਈ ਸੰਸਥਾ ਦੀ ਸਾਖ, ਭਰੋਸੇਯੋਗਤਾ ਅਤੇ ਮਰਿਆਦਾ ਨਾਲ ਜੁੜੇ ਸਾਰੇ ਸਵਾਲਾਂ ਦਾ ਸਪੱਸ਼ਟ ਜਵਾਬ ਸਾਹਮਣੇ ਆਉਣਾ ਚਾਹੀਦਾ ਹੈ।


