ਆਪਣਾ ਪੰਜਾਬ ਮੀਡੀਆ : ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਅਮਰੀਕਾ ਦਾ ‘ਆਪਾਵਿਰੋਧੀ ਤੇ ਆਪਮੁਹਾਰਾ ਵਿਵਹਾਰ’ ਕੂਟਨੀਤਕ ਗੱਲਬਾਤ ਦੌਰਾਨ ਸਭ ਤੋਂ ਵੱਡਾ ਅੜਿੱਕਾ ਹੈ। ਅਲ ਜਜ਼ੀਰਾ ਨੇ ਇਰਾਨ ਦੀ ਇਸਨਾ ਖ਼ਬਰ ਏਜੰਸੀ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਅਰਾਗ਼ਚੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੱਯਦ ਮੋਹਸਿਨ ਨਕਵੀ ਨਾਲ ਮੀਟਿੰਗ ਦੌਰਾਨ ਕਿਹਾ ਕਿ ਅਤੀਤ ’ਚ ਵਾਰ ਵਾਰ ਵਾਅਦਾਖ਼ਿਲਾਫ਼ੀ ਕਰ ਕੇ ਇਰਾਨ ਨੂੰ ਅਮਰੀਕੀ ਨਿਜ਼ਾਮ ਬਾਰੇ ਵੱਡੇ ਸ਼ੱਕ ਸ਼ੁਬ੍ਹੇ ਹਨ।
ਅਰਾਗ਼ਚੀ ਤੇ ਨਕਵੀ ਦਰਮਿਆਨ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਬਾਰੇ ਵੀ ਵਿਚਾਰਾਂ ਕੀਤੀਆਂ। ਤਹਿਰਾਨ ਨੇ ਅਮਰੀਕਾ ਅੱਗੇ ਗੱਲਬਾਤ ਲਈ ਖਰੜਾ ਰੱਖਿਆ ਹੈ। ਇਸ ਦੇ ਮੁੱਖ ਨੁਕਤਿਆਂ ’ਚ ਸਾਰੇ ਮੋਰਚਿਆਂ ’ਤੇ ਟਕਰਾਅ ਖ਼ਤਮ ਕਰਨਾ, ਇਰਾਨ ਨੇੜਲੇ ਇਲਾਕਿਆਂ ’ਚੋਂ ਅਮਰੀਕੀ ਫ਼ੌਜਾਂ ਦੀ ਰੁਖ਼ਸਤਗੀ ਤੇ ਅਮਰੀਕਾ-ਇਜ਼ਰਾਈਲ ਵੱਲੋਂ ਥੋਪੀ ਜੰਗ ਕਰ ਕੇ ਹੋਈ ਤਬਾਹੀ ਲਈ ਮੁਆਵਜ਼ਾ ਸ਼ਾਮਲ ਹੈ।

