ਆਪਣਾ ਪੰਜਾਬ ਮੀਡੀਆ : ਸਿੰਗਾਪੁਰ ਦੇ ਇੱਕ ਮੰਤਰੀ ਅਤੇ ਭਾਰਤ ਸਮੇਤ ਰਾਸ਼ਟਰਮੰਡਲ ਦੇ ਸੱਤ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੇ ਸਿੱਖ ਭਾਈਚਾਰੇ ਨਾਲ ਮਿਲ ਕੇ ਅੱਜ ਇੱਥੇ ਉਨ੍ਹਾਂ ਫੌਜੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੰਗਾਪੁਰ-ਮਲਾਇਆ ਦੀ ਰੱਖਿਆ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ।
ਕ੍ਰਾਂਜੀ ਵਾਰ ਮੈਮੋਰੀਅਲ ਵਿੱਚ ਯਾਦਗਾਰੀ ਸਮਾਗਮ ਕਰਵਾਇਆ, ਜਿਸ ਵਿੱਚ 3,318 ਸ਼ਹੀਦ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਹ ਫੌਜੀ ਉਸ ਸਮੇਂ ਦੇ ਅਣਵੰਡੇ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ, ਜਿਨ੍ਹਾਂ ਨੇ ਜਪਾਨੀ ਫੌਜਾਂ ਖ਼ਿਲਾਫ਼ ਸਿੰਗਾਪੁਰ ਤੇ ਮਲਾਇਆ ਦੀ ਰੱਖਿਆ ਕਰਦਿਆਂ ਕੁਰਬਾਨੀ ਦਿੱਤੀ ਸੀ।
ਸੀਨੀਅਰ ਰਾਜ ਮੰਤਰੀ ਮੁਰਲੀ ਪਿੱਲੈ ਭਾਈਚਾਰੇ ਦੇ ਲਗਪਗ 400 ਮੈਂਬਰਾਂ ਅਤੇ ਆਗੂਆਂ ਨਾਲ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਪੂਰਬੀ ਤੱਟ ’ਤੇ ਤਤਕਾਲੀ ਪਰਵਾਸੀ ਸਿੱਖਾਂ ਵੱਲੋਂ ਬਣਾਏ ਗੁਰਦੁਆਰੇ ਦੇ 100 ਸਾਲਾ ਸਥਾਪਨਾ ਦਿਵਸ ਸਬੰਧੀ ਸਮਾਗਮ ਵਿੱਚ ਵੀ ਹਿੱਸਾ ਲਿਆ। ਬਰਤਾਨੀਆ, ਆਸਟਰੇਲੀਆ, ਮਲੇਸ਼ੀਆ, ਭਾਰਤ, ਨਿਊਜ਼ੀਲੈਂਡ, ਕੈਨੇਡਾ ਤੇ ਪਾਕਿਸਤਾਨ, ਜੋ ਦੂਜੇ ਵਿਸ਼ਵ ਯੁੱਧ ਦਾ ਹਿੱਸਾ ਸਨ, ਦੇ ਹਾਈ ਕਮਿਸ਼ਨਰਾਂ ਨੇ ਕ੍ਰਾਂਜੀ ਵਾਰ ਮੈਮੋਰੀਅਲ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਰਦੇਸੀ ਖਾਲਸਾ ਧਰਮ ਦੀਵਾਨ (ਪੀ ਕੇ ਡੀ ਡੀ) ਦੇ ਸਕੱਤਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਗੁਰਦੁਆਰੇ ਦੀ ਸਥਾਪਨਾ 100 ਸਾਲ ਪਹਿਲਾਂ ਸਿੰਗਾਪੁਰ ਵਿੱਚ ਰਹਿਣ ਵਾਲੇ ਸਿੱਖਾਂ ਨੇ ਕੀਤੀ ਸੀ। ਉਨ੍ਹਾਂ ਕਿਹਾ, ‘‘ਉਨ੍ਹਾਂ ਦਾ ਯੋਗਦਾਨ ਸਿੱਖ ਅਤੇ ਵਿਸ਼ਵ ਇਤਿਹਾਸ ਦੋਵਾਂ ਵਿੱਚ ਸਦੀਵੀ ਅਧਿਆਏ ਹੈ।’’ ਉਨ੍ਹਾਂ ਦੱਸਿਆ ਕਿ ਦੀਵਾਨ ਹਰ ਸਾਲ ਇਹ ਯਾਦਗਾਰੀ ਸਮਾਗਮ ਕਰਵਾ ਰਿਹਾ ਹੈ, ਪਰ ਇਸ ਵਾਰ ਗੁਰਦੁਆਰੇ ਦੀ ਸ਼ਤਾਬਦੀ ਕਾਰਨ ਇਹ ਵੱਡੇ ਪੱਧਰ ’ਤੇ ਮਨਾਇਆ ਗਿਆ।

