ਆਪਣਾ ਪੰਜਾਬ ਮੀਡੀਆ : ਪੱਛਮੀ ਬੰਗਾਲ ਵਿੱਚ ਅੱਜ ਰਾਮਨੌਮੀ ਮੌਕੇ ਜਿੱਥੇ ਭਾਜਪਾ ਆਪਣੇ ਹਿੰਦੂਤਵ ਏਜੰਡੇ ਨੂੰ ਅੱਗੇ ਵਧਾਉਂਦੀ ਦਿਖਾਈ ਦਿੱਤੀ, ਉੱਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੂੰ ਧਾਰਮਿਕ ਬਿਰਤਾਂਤ ’ਤੇ ਅਜਾਰੇਦਾਰੀ ਕਾਇਮ ਕਰਨ ਤੋਂ ਰੋਕਣ ਲਈ ਕੋਈ ਕਸਰ ਨਹੀਂ ਛੱਡੀ। ਸੂਬੇ ਦੀ ਰਾਜਧਾਨੀ ਕੋਲਕਾਤਾ ਅਤੇ ਕਈ ਜ਼ਿਲ੍ਹਿਆਂ ਵਿੱਚ ਰਾਮਨੌਮੀ ਮੌਕੇ ਭਗਵਾ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ। ਕੋਲਕਾਤਾ ਸ਼ਹਿਰ ਵਿੱਚ 60 ਤੋਂ ਵੱਧ ਰੈਲੀਆਂ ਕੀਤੀਆਂ ਗਈ, ਜਦਕਿ ਹਾਵੜਾ, ਹੁਗਲੀ, ਬੀਰਭੂਮ ਅਤੇ ਉੱਤਰ ਦਿਨਾਜਪੁਰ ਵਰਗੇ ਜ਼ਿਲ੍ਹਿਆਂ ਵਿੱਚ ਝਾਕੀਆਂ ਕੱਢੀਆਂ ਗਈਆਂ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੱਖਣੀ ਕੋਲਕਾਤਾ ਦੇ ਵਿਧਾਨ ਸਭਾ ਹਲਕਾ ਭਵਾਨੀਪੁਰ ਵਿੱਚ ਰਾਮਨੌਮੀ ਦੀ ਝਾਕੀ ’ਚ ਸ਼ਾਮਲ ਹੋਏ, ਜਿੱਥੋਂ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਚੋਣ ਲੜ ਰਹੇ ਹਨ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਰਾਮਨੌਮੀ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦਾ ਤਿਉਹਾਰ ਹੈ।’’

