ਆਪਣਾ ਪੰਜਾਬ ਮੀਡੀਆ : ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਪੰਜਾਬ ਨਾਲ ਸਬੰਧਤ ਮੁੱਦੇ ਨਾ ਚੁੱਕਣ ਦੇ ਪਾਰਟੀ ਵੱਲੋਂ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਹ ਪੰਜਾਬ ਦੇ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਤ ਮਾਮਲਿਆਂ ਅਤੇ ਸੂਬੇ ਦੇ ਹੋਰ ਅਹਿਮ ਸਰੋਕਾਰਾਂ ’ਤੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਐਕਸ ’ਤੇ ਵੀਡੀਓ ਸਾਂਝੀ ਕਰਦਿਆਂ ਚੱਢਾ ਨੇ ਪਾਰਟੀ ਅੰਦਰੋਂ ਹੋ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ‘‘ਆਮ ਆਦਮੀ ਪਾਰਟੀ ਵਿੱਚ ਮੇਰੇ ਉਨ੍ਹਾਂ ਸਾਥੀਆਂ ਲਈ, ਜਿਨ੍ਹਾਂ ਨੂੰ ਇਹ ਕਹਿੰਦਿਆਂ ਵੀਡੀਓ ਜਾਰੀ ਕਰਨ ਲਈ ਮਜਬੂਰ ਕੀਤਾ ਗਿਆ ਕਿ ‘ਰਾਘਵ ਚੱਢਾ ਸੰਸਦ ਵਿੱਚ ਪੰਜਾਬ ਦੇ ਮੁੱਦੇ ਚੁੱਕਣ ਵਿੱਚ ਅਸਫਲ ਰਹੇ,’ ਇਹ ਛੋਟਾ ਜਿਹਾ ਟਰੇਲਰ ਹੈ, ਪਿਕਚਰ ਅਭੀ ਬਾਕੀ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਲਈ ਸਿਰਫ਼ ਗੱਲਬਾਤ ਦਾ ਵਿਸ਼ਾ ਨਹੀਂ, ਸਗੋਂ ਉਨ੍ਹਾਂ ਦਾ ਘਰ, ਫ਼ਰਜ਼, ਮਿੱਟੀ ਅਤੇ ਰੂਹ ਹੈ। ਗ਼ੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ’ਤੇ ਦੋਸ਼ ਲਾਇਆ ਸੀ ਕਿ ਉਹ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਨਹੀਂ ਕਰ ਰਹੇ ਅਤੇ ਸਿਰਫ ਆਪਣੀ ਪੀ ਆਰ ਕਰਨ ਵਿੱਚ ਰੁੱਝੇ ਹੋਏ ਹਨ। ਚੱਢਾ ਨੇ ਇਹ ਸਾਰੇ ਦੋਸ਼ ਝੂਠ ਕਰਾਰ ਦਿੰਦਿਆਂ ਸਾਫ਼ ਕੀਤਾ ਕਿ ਉਹ ਸੰਸਦ ਵਿੱਚ ਲੋਕਾਂ ਦੇ ਮੁੱਦੇ ਉਠਾਉਣ ਲਈ ਗਏ ਹਨ, ਨਾ ਕਿ ਸਿਰਫ਼ ਹੰਗਾਮਾ ਕਰਨ ਲਈ।

