ਆਪਣਾ ਪੰਜਾਬ ਮੀਡੀਆ : ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਵਿੱਚ ਸੀ.ਬੀ.ਆਈ. ਵੱਲੋਂ ਮਾਰਿਆ ਗਿਆ ਛਾਪਾ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਕਾਰਵਾਈ ਨੇ ਦੋ ਅਹਿਮ ਕੜੀਆਂ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਇੱਕ ਪਾਸੇ ਮਲੋਟ ਤੋਂ ਭਾਜਪਾ ਯੁਵਾ ਮੋਰਚਾ ਦੇ ਆਗੂ ਰਾਘਵ ਗੋਇਲ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਦੂਜੇ ਪਾਸੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ਼ਰਦ ਸਤਿਆ ਚੌਹਾਨ ਦੇ ਦਫ਼ਤਰ ਦਾ ਨਾਂ ਇਸ ਵਿਵਾਦ ਵਿੱਚ ਉੱਭਰਿਆ ਹੈ। ਸ਼ਰਦ ਸਤਿਆ ਚੌਹਾਨ ਪੰਜਾਬ ਦੇ ਅਗਲੇ ਡੀ.ਜੀ.ਪੀ. (ਪੁਲੀਸ ਮੁਖੀ) ਦੇ ਅਹੁਦੇ ਲਈ ਸਭ ਤੋਂ ਸੀਨੀਅਰ ਦਾਅਵੇਦਾਰ ਮੰਨੇ ਜਾ ਰਹੇ ਹਨ।
ਰਾਘਵ ਗੋਇਲ, ਜੋ ਭਾਜਪਾ ਹਲਕਿਆਂ ਵਿੱਚ ਕਾਫੀ ਰਸੂਖ਼ ਰੱਖਦਾ ਹੈ ਅਤੇ ਅਕਸਰ ਵੱਡੇ ਆਗੂਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਨੂੰ 25 ਲੱਖ ਰੁਪਏ ਦੇ ਰਿਸ਼ਵਤ ਕਾਂਡ ਵਿੱਚ ਕਥਿਤ ‘ਵਿਚੋਲੇ’ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗੋਇਲ ਰਾਜਸਥਾਨ ਦੇ ਸੀਨੀਅਰ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਦਾ ਵੀ ਕਰੀਬੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਕਾਰਵਾਈ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਹੀ ਉਸ ਦੀ ਪੁਲੀਸ ਸੁਰੱਖਿਆ ਵਾਪਸ ਲਈ ਗਈ ਸੀ।

