ਆਪਣਾ ਪੰਜਾਬ ਮੀਡੀਆ : ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੰਘੀ ਦੇਰ ਰਾਤ ਅਤੇ ਕਈ ਇਲਾਕਿਆਂ ਵਿੱਚ ਅੱਜ ਤੜਕੇ ਮੀਂਹ ਤੇ ਹਨੇਰੀ ਨੇ ਕਹਿਰ ਢਾਇਆ ਹੈ। ਇਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਹਨੇਰੀ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ ਹੈ, ਜਿਸ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਭੇ ਡਿੱਗ ਗਏ ਅਤੇ ਬਿਜਲੀ ਸਪਲਾਈ ਵੀ ਠੱਪ ਹੋ ਗਈ। ਇਸ ਤੋਂ ਇਲਾਵਾ ਸੜਕਾਂ ਉੱਤੇ ਦਰਖਤ ਟੁੱਟ ਕੇ ਡਿੱਗ ਗਏ। ਇਸ ਦੌਰਾਨ ਕਈ ਇਲਾਕਿਆਂ ਵਿੱਚ ਮੱਕੀ ਦੀ ਫਸਲ ਪ੍ਰਭਾਵਿਤ ਹੋਣ ਦੀਆਂ ਖਬਰਾਂ ਵੀ ਪ੍ਰਾਪਤ ਹੋ ਰਹੀਆਂ ਹਨ। ਹਨੇਰੀ ਤੋਂ ਬਾਅਦ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਮੀਂਹ ਨੇ ਵੀ ਦਸਤਕ ਦੇ ਦਿੱਤੀ ਹੈ। ਮੀਂਹ ਕਰਕੇ ਸੂਬੇ ਵਿੱਚ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

