ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਭਾਰਤ ਵਿੱਚ ਰਸੋਈ ਗੈਸ ਦੀ ਸਪਲਾਈ ਨੂੰ ਲੈ ਕੇ ਭਾਰੀ ਚਿੰਤਾ ਪੈਦਾ ਹੋ ਗਈ ਹੈ। ਭਾਰਤ ਆਪਣੀ ਲੋੜ ਦੀ ਲਗਪਗ 85 ਤੋਂ 90 ਫੀਸਦੀ ਐਲ.ਪੀ.ਜੀ. ਸਪਲਾਈ Strait of Hormuz ਦੇ ਰਸਤੇ ਮੰਗਵਾਉਂਦਾ ਹੈ ਅਤੇ ਇਰਾਨ ਦੇ ਖੇਤਰ ਵਿੱਚ ਜੰਗ ਕਾਰਨ ਇਸ ਸਮੁੰਦਰੀ ਰਸਤੇ ਵਿੱਚ ਵਿਘਨ ਪੈਣ ਨਾਲ ਗੈਸ ਦੀ ਆਮਦ ਪ੍ਰਭਾਵਿਤ ਹੋਈ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਵਿਸ਼ੇਸ਼ ਕਮੇਟੀ ਬਣਾਈ ਹੈ ਜੋ ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਗੈਸ ਮੰਗਾਂ ਦੀ ਸਮੀਖਿਆ ਕਰੇਗੀ ਤਾਂ ਕਿ ਆਮ ਲੋਕਾਂ ਦੇ ਘਰਾਂ ਲਈ ਗੈਸ ਦੀ ਸਪਲਾਈ ਨੂੰ ਪਹਿਲ ਦਿੱਤੀ ਜਾ ਸਕੇ।
ਪੰਜਾਬ ਵਿੱਚ ਇਸ ਵੇਲੇ ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਹੈ । ਖਾਸ ਕਰਕੇ ਪਟਿਆਲਾ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣ ਗਏ ਹਨ ਕਿਉਂਕਿ ਵਿਆਹਾਂ ਦੇ ਖਾਣੇ ਬਣਾਉਣ ਲਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਸੋਮਵਾਰ ਰਾਤ ਤੋਂ ਹੀ ਬੰਦ ਕਰ ਦਿੱਤੀ ਗਈ ਹੈ। ਕੈਟਰਿੰਗ ਵਾਲਿਆਂ ਅਤੇ ਪੈਲੇਸ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਤੋਂ ਬਾਅਦ ਅਚਾਨਕ ਸਪਲਾਈ ਰੁਕਣ ਨਾਲ ਉਹ ਮੁਸ਼ਕਲ ਵਿੱਚ ਫਸ ਗਏ ਹਨ। ਸੂਬੇ ਵਿੱਚ ਅਜੇ ਹਜ਼ਾਰਾਂ ਵਿਆਹ ਹੋਣੇ ਬਾਕੀ ਹਨ ਅਤੇ ਜੇਕਰ ਇਹ ਕਿੱਲਤ ਜਲਦੀ ਦੂਰ ਨਾ ਹੋਈ ਤਾਂ ਵਿਆਹਾਂ ਦੇ ਜਸ਼ਨਾਂ ਵਿੱਚ ਖਾਣੇ ਦੇ ਪ੍ਰਬੰਧਾਂ ‘ਤੇ ਵੱਡਾ ਅਸਰ ਪਵੇਗਾ।

