ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਗ਼ੈਰਵਾਜਬ: ਬਾਜਵਾ

News Online
2 Min Read

ਆਪਣਾ ਪੰਜਾਬ ਮੀਡੀਆ : ਜ਼ਮੀਨਾਂ ਐਕੁਆਇਰ ਕਰਨ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਪਿਛਲੇ 13 ਦਿਨਾਂ ਤੋਂ ਗਮਾਡਾ ਦਫ਼ਤਰ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਅੱਜ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਥੇ ਰੈਲੀ ਕੀਤੀ ਗਈ ਜਿਸ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ।

ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਮੁਹਾਲੀ ਵਿਚ ਪਹਿਲਾਂ ਹੀ ਐਕੁਆਇਰ ਕੀਤੀ ਜ਼ਮੀਨ ਹਾਲੇ ਤੱਕ ਵਿਕਸਿਤ ਨਹੀਂ ਹੋਈ ਤਾਂ ਫਿਰ ਗਿਆਰਾਂ ਹਜ਼ਾਰ ਏਕੜ ਜ਼ਮੀਨ ਕਿਸਾਨਾਂ ਦੀ ਸਹਿਮਤੀ ਅਤੇ ਮਰਜ਼ੀ ਤੋਂ ਬਿਨ੍ਹਾਂ ਕੌਡੀਆਂ ਦੇ ਭਾਅ ਐਕੁਆਇਰ ਕਰਨੀ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਧਾਨ ਸਭਾ ਦੇ 13 ਅਪਰੈਲ ਨੂੰ ਹੋਣ ਵਾਲੇ ਵਿਸ਼ੇਸ਼ ਸੈਸ਼ਨ ਵਿਚ ਚੁੱਕਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਨ ਦੀ ਗਾਰੰਟੀ ਦੇਣ ਵਾਲੇ ਭਗਵੰਤ ਮਾਨ ਹੁਣ ਸ਼ਰ੍ਹੇਆਮ ਕਰਜ਼ਾ ਵਾਪਸ ਨਾ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੌਰਾਨ ਪੰਜਾਬ ਸਿਰ ਕਰਜ਼ਾ 2 ਲੱਖ 70 ਹਜ਼ਾਰ ਕਰੋੜ ਤੋਂ ਵਧ ਕੇ ਸਵਾ ਚਾਰ ਲੱਖ ਕਰੋੜ ’ਤੇ ਪਹੁੰਚ ਗਿਆ ਹੈ। ਦਿੱਲੀ ਦੇ ਨਕਾਰੇ ਹੋਏ ਆਗੂ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਅਤੇ ਆਪਣੀਆਂ ਜੇਬਾਂ ਭਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਅਰਵਿੰਦ ਕੇਜਰੀਵਾਲ ਕਰ ਰਿਹਾ ਹੈ, ਜਿਸ ਦਾ ਇੱਕ ਕਰੋੜ ਦੇ ਖਰਚੇ ਦਾ ਬੋਝ ਪੰਜਾਬ ਵਾਸੀਆਂ ਸਿਰ ਪੈ ਰਿਹਾ ਹੈ।

Share This Article
Leave a Comment

Leave a Reply