ਆਪਣਾ ਪੰਜਾਬ ਮੀਡੀਆ : ਪੰਜਾਬ ਨੂੰ ਮੌਜੂਦਾ ਆਰਥਿਕ ਖੜੋਤ ਵਿੱਚੋਂ ਕੱਢਣ, ਸੂਬੇ ਵਿੱਚ ਨਵੇਂ ਉਦਯੋਗਿਕ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਨ ਲਈ ਇੱਕ ਵਿਆਪਕ ਰਣਨੀਤਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਰਾਜ ਸਭਾ ਮੈਂਬਰ (ਐਮ.ਪੀ.) ਸਤਨਾਮ ਸਿੰਘ ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨਾਲ ਇੱਕ ਅਹਿਮ ਮੁਲਾਕਾਤ ਕੀਤੀ।
ਇਸ ਉੱਚ-ਪੱਧਰੀ ਮੁਲਾਕਾਤ ਦੌਰਾਨ ਆਂਧਰਾ ਪ੍ਰਦੇਸ਼ ਦੀਆਂ ਸਫ਼ਲ ਉਦਯੋਗਿਕ ਨੀਤੀਆਂ, ਪ੍ਰਸ਼ਾਸਨਿਕ ਸੁਧਾਰਾਂ ਅਤੇ ਤਕਨੀਕੀ ਵਿਕਾਸ ਦੇ ਮਾਡਲ ’ਤੇ ਵਿਸਤਾਰ ਵਿੱਚ ਚਰਚਾ ਕੀਤੀ ਗਈ। ਇਸ ਦੌਰੇ ਦੌਰਾਨ ਸੰਸਦ ਮੈਂਬਰਸੰਧੂ ਨੇ ਰੀਅਲ-ਟਾਈਮ ਗਵਰਨੈਂਸ ਸੈਂਟਰ ਅਤੇ ਅਮਰਾਵਤੀ ਕੁਆਂਟਮ ਰੈਫ਼ਰੈਂਸ ਫ਼ੈਸਿਲਟੀਜ਼ ਦਾ ਦੌਰਾ ਕਰਕੇ ਉੱਥੋਂ ਦੇ ਤਕਨੀਕੀ ਵਿਕਾਸ ਦਾ ਜਾਇਜ਼ਾ ਵੀ ਲਿਆ। ਇਸ ਦਾ ਮੁੱਖ ਮਕਸਦ ਇਨ੍ਹਾਂ ਸਫ਼ਲ ਰਣਨੀਤੀਆਂ ਦੇ ਅਧਾਰ ’ਤੇ ਪੰਜਾਬ ਨੂੰ ਰਵਾਇਤੀ ਖੇਤੀ ਪ੍ਰਧਾਨ ਅਰਥਵਿਵਸਥਾ ਤੋਂ ਅੱਗੇ ਕੱਢ ਕੇ ਆਈ.ਟੀ. (IT), ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸੈਮੀਕੰਡਕਟਰ, ਉੱਦਮਤਾ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਬਹੁ-ਪੱਖੀ ਵਿਕਾਸ ਹੱਬ ਬਣਾਉਣ ਲਈ ਇੱਕ ਠੋਸ ਨੀਤੀਗਤ ਦਸਤਾਵੇਜ਼ ਤਿਆਰ ਕਰਨਾ ਹੈ।

