ਆਪਣਾ ਪੰਜਾਬ ਮੀਡੀਆ : ਆਲਮੀ ਪ੍ਰੈੱਸ ਆਜ਼ਾਦੀ ਦਿਹਾੜੇ ਮੌਕੇ ਇੰਡੀਅਨ ਵਿਮੈੱਨਜ਼ ਪ੍ਰੈੱਸ ਕੋਰ ਵੱਲੋਂ ਕਰਵਾਈ ਗਈ ਵਿਸ਼ੇਸ਼ ਚਰਚਾ ਵਿੱਚ ਦੇਸ਼ ਦੇ ਨਾਮੀ ਪੱਤਰਕਾਰਾਂ ਅਤੇ ਵੱਖ-ਵੱਖ ਮੀਡੀਆ ਸੰਗਠਨਾਂ ਦੇ ਮੁਖੀਆਂ ਨੇ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਪ੍ਰੈੱਸ ਦੀ ਨਿਰਪੱਖਤਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਚਰਚਾ ਦਾ ਵਿਸ਼ਾ ‘ਆਲਮੀ ਉਥਲ-ਪੁਥਲ ਦਰਮਿਆਨ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ’ ਰੱਖਿਆ ਗਿਆ ਸੀ।
ਇਸ ਮੌਕੇ ਪ੍ਰੈੱਸ ਐਸੋਸੀਏਸ਼ਨ ਦੇ ਪ੍ਰਧਾਨ ਸੀ ਕੇ ਨਾਇਕ, ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਜਨਰਲ ਸਕੱਤਰ ਰਾਘਵਨ ਸ੍ਰੀਨਿਵਾਸਨ ਅਤੇ ਫੌਰੇਨ ਕੋਰੈਸਪੌਂਡੈਂਟਸ ਕਲੱਬ ਆਫ਼ ਸਾਊਥ ਏਸ਼ੀਆ ਦੇ ਪ੍ਰਧਾਨ ਵਾਇਲ ਅਵਾਦ ਨੇ ਵੀ ਚਰਚਾ ’ਚ ਹਿੱਸਾ ਲਿਆ। ਇਹ ਪ੍ਰੋਗਰਾਮ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਦੀ ਹਾਲੀਆ ਰਿਪੋਰਟ ਦੇ ਪਿਛੋਕੜ ਵਿੱਚ ਹੋਇਆ, ਜਿਸ ਅਨੁਸਾਰ 2026 ਦੇ ਵਿਸ਼ਵ ਪ੍ਰੈੱਸ ਫ੍ਰੀਡਮ ਇੰਡੈਕਸ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 157ਵੇਂ ਸਥਾਨ ’ਤੇ ਖਿਸਕ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਰਤ ਦੇ ਰੈਂਕ ਵਿੱਚ ਛੇ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੌਮਾਂਤਰੀ ਐਸੋਸੀਏਸ਼ਨ ਆਫ਼ ਪੈੱਸ ਕਲੱਬਜ਼ ਦੇ ਪ੍ਰਧਾਨ ਅਵਾਦ ਨੇ ਚਿਤਾਵਨੀ ਦਿੱਤੀ ਕਿ ਪੱਤਰਕਾਰਾਂ ’ਤੇ ਹਮਲੇ ਹੁਣ ਇਤਫ਼ਾਕਨ ਨਹੀਂ, ਸਗੋਂ ਸੋਚੇ-ਸਮਝੇ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਗਾਜ਼ਾ ਵਿੱਚ ਪੱਤਰਕਾਰਾਂ ਦੇ ਮਿੱਥ ਕੇ ਕੀਤੇ ਗਏ ਕਤਲਾਂ ਦਾ ਹਵਾਲਾ ਦਿੰਦਿਆਂ ਕਿਹਾ, ‘‘ਇਹ ਸੱਚਾਈ ਨੂੰ ਰੋਕਣ ਦੀ ਇੱਕ ਯੋਜਨਾਬੱਧ ਕੋਸ਼ਿਸ਼ ਹੈ।’’ ਉਨ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਲਈ ਸਖ਼ਤ ਕੌਮਾਂਤਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ। ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਜਨਰਲ ਸਕੱਤਰ ਰਾਘਵਨ ਸ੍ਰੀਨਿਵਾਸਨ ਨੇ ਮੀਡੀਆ ਸਨਅਤ ਦੀ ਢਾਂਚਾਗਤ ਨਾਕਾਮੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਮਾਲਕਾਂ ਦਾ ਪੱਖਪਾਤੀ ਅਤੇ ਸੰਪਾਦਕੀ ਦਬਾਅ ਹੁਣ ਆਮ ਹੋ ਗਿਆ ਹੈ।

