ਆਪਣਾ ਪੰਜਾਬ ਮੀਡੀਆ : ਰਾਜਸਥਾਨ ਪੁਲੀਸ ਦਾ ਸਪੈਸ਼ਲ ਅਪਰੇਸ਼ਨਜ਼ ਗਰੁੱਪ (ਐੱਸ ਓ ਜੀ) ਨੀਟ ਯੂ ਜੀ 2026 ਪ੍ਰੀਖਿਆ ਤੋਂ ਪਹਿਲਾਂ ਕਥਿਤ ਸਰਕੁਲੇਟ ਹੋਏ ‘ਗੈੱਸ ਪੇਪਰ’ ਦੀ ਜਾਂਚ ਕਰ ਰਿਹਾ ਹੈ। ਇਸ ਗੈੱਸ ਪੇਪਰ ਵਿੱਚ 410 ਦੇ ਕਰੀਬ ਸਵਾਲ ਸਨ। ਉੱਧਰ, ਕੌਮੀ ਟੈਸਟਿੰਗ ਏਜੰਸੀ (ਐੱਂਨ ਟੀ ਏ) ਨੇ ਸਬੰਧਤ ਪ੍ਰੀਖਿਆ ‘ਪੂਰੇ ਸੁਰੱਖਿਆ ਪ੍ਰੋਟੋਕਾਲ’ ਤਹਿਤ ਕਰਵਾਉਣ ਦਾ ਦਾਅਵਾ ਕੀਤਾ ਹੈ।
ਏਜੰਸੀ ਨੇ ਦਾਅਵਾ ਕੀਤਾ ਕਿ ਉਹ ਪ੍ਰੀਖਿਆ ਦੌਰਾਨ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਤਫ਼ਤੀਸ਼ੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਐੱਨ ਟੀ ਏ ਨੇ ਅੰਡਰਗਰੈਜੂਏਟ ਲੈਵਲ ਉੱਤੇ ਮੈਡੀਕਲ ਸਿੱਖਿਆ ਕੋਰਸਾਂ ਵਿੱਚ ਦਾਖ਼ਲੇ ਦੇ ਇੱਛੁਕ ਵਿਦਿਆਰਥੀਆਂ ਲਈ 3 ਮਈ ਨੂੰ ਨੀਟ ਪ੍ਰੀਖਿਆ ਲਈ ਸੀ।
ਐੱਨ ਟੀ ਏ ਨੇ ਐਤਵਾਰ ਨੂੰ ਐਕਸ ’ਤੇ ਪੋਸਟ ਵਿੱਚ ਕਿਹਾ ਸੀ ਕਿ ਪ੍ਰਸ਼ਨ ਪੱਤਰ ਜੀ ਪੀ ਐੱਸ-ਟਰੈਕਡ ਵਾਹਨ ਵਿੱਚ ਭੇਜੇ ਗਏ ਸਨ, ਜਿਨ੍ਹਾਂ ’ਤੇ ਖਾਸ ਅਤੇ ਟਰੈਕ ਕੀਤੇ ਜਾਣ ਵਾਲਾ ਵਾਟਰਮਾਰਕ ਸੀ। ਏ ਆਈ-ਸਹਾਇਤਾ ਪ੍ਰਾਪਤ ਸੀ ਸੀ ਟੀ ਵੀ ਨਿਗਰਾਨੀ ਰਾਹੀਂ ਕੇਂਦਰੀ ਕੰਟਰੋਲ ਰੂਮ ਤੋਂ ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਕੀਤੀ ਗਈ।

