ਆਪਣਾ ਪੰਜਾਬ ਮੀਡੀਆ : ਨਵੇਂ ਸਾਲ ਨਾਨਕਸ਼ਾਹੀ ਸੰਮਤ 558 (ਸੰਨ 2026-27) ਦਾ ਕੈਲੰਡਰ ਅੱਜ ਅਕਾਲ ਤਖ਼ਤ ਤੋਂ ਜਾਰੀ ਕੀਤਾ ਗਿਆ। ਇਹ ਕੈਲੰਡਰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਭਗਤ ਰਵਿਦਾਸ ਦੇ 650 ਸਾਲਾ ਜਨਮ ਦਿਹਾੜੇ ਅਤੇ ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ।
ਸਿੱਖ ਕੌਮ ਦਾ ਇਹ ਕੈਲੰਡਰ 2003 ਵਿੱਚ ਪਹਿਲੀ ਵਾਰ ਰਿਲੀਜ਼ ਕੀਤਾ ਗਿਆ ਸੀ ਅਤੇ 2010 ਵਿੱਚ ਇਸ ਨੂੰ ਸੋਧ ਕੇ ਮੁੜ ਰਿਲੀਜ਼ ਕੀਤਾ ਗਿਆ ਸੀ। ਸੋਧਣ ਤੋਂ ਬਾਅਦ ਇਸ ਕੈਲੰਡਰ ਬਾਰੇ ਅੱਜ ਤੱਕ ਸਿੱਖ ਕੌਮ ਵਿੱਚ ਵਿਵਾਦ ਹੈ।
ਅੱਜ ਕੈਲੰਡਰ ਜਾਰੀ ਕਰਨ ਮੌਕੇ ਜਥੇਦਾਰ ਗਿਆਨੀ ਗੜਗੱਜ ਨੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਦਾ ਨਵਾਂ ਵਰ੍ਹਾ 1 ਚੇਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਦਿਨ ਹਰ ਗੁਰਦੁਆਰੇ ਵਿੱਚ ਗੁਰਮਤਿ ਸਮਾਗਮ ਕਰ ਕੇ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਕੌਮ ਨੂੰ ਮਾਣ ਹੈ ਕਿ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦਾ ਆਪਣਾ ਕੈਲੰਡਰ ਹੈ। ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣਾ ਹਰ ਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਸਿੱਖ ਜਗਤ ਨੂੰ ਨਾਨਕਸ਼ਾਹੀ ਕੈਲੰਡਰ ਹਰ ਗੁਰੂ ਘਰ ਅਤੇ ਆਪਣੇ ਘਰਾਂ ਵਿੱਚ ਲਗਾਉਣ ਦੀ ਅਪੀਲ ਕੀਤੀ।

