ਆਪਣਾ ਪੰਜਾਬ ਮੀਡੀਆ : ਇਜ਼ਰਾਇਲੀ ਫ਼ੌਜ ਨੇ ਗਾਜ਼ਾ ਵੱਲ ਜਾ ਰਹੇ ਕਾਰਕੁਨਾਂ ਦੇ ਕਾਫ਼ਲੇ ਦੀਆਂ ਬਾਕੀ ਬਚੀਆਂ ਕਿਸ਼ਤੀਆਂ ’ਚੋਂ ਇੱਕ ਹੋਰ ਨੂੰ ਰੋਕ ਲਿਆ ਹੈ। ਐਂਡਰੋਸ ਨਾਂ ਦੀ ਇਸ ਕਿਸ਼ਤੀ ਨੂੰ ਗਾਜ਼ਾ ਸਾਹਿਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਰੋਕਿਆ ਗਿਆ। ਕਾਫ਼ਲੇ ਦੀ ਵੈੱਬਸਾਈਟ ’ਤੇ ਚੱਲ ਰਹੇ ਲਾਈਵ ਪ੍ਰਸਾਰਨ ਵਿੱਚ ਇਜ਼ਰਾਇਲੀ ਫ਼ੌਜੀਆਂ ਨੂੰ ਕਿਸ਼ਤੀ ਨੇੜੇ ਆਉਂਦਿਆਂ ਦੇਖਿਆ ਗਿਆ। ਇਸ ਮਗਰੋਂ ਕਾਰਕੁਨਾਂ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਪ੍ਰਸਾਰਨ ਬੰਦ ਹੋ ਗਿਆ। ਇਹ ਕਾਫ਼ਲਾ ਪਿਛਲੇ ਹਫ਼ਤੇ ਤੁਰਕੀ ਦੇ ਬੰਦਰਗਾਹ ਸ਼ਹਿਰ ਮਾਰਮਾਰਿਸ ਤੋਂ ਰਵਾਨਾ ਹੋਇਆ ਸੀ। ਇਸ ਮੁਹਿੰਮ ਦਾ ਮੁੱਖ ਮਕਸਦ ਗਾਜ਼ਾ ਦੀ ਸਮੁੰਦਰੀ ਘੇਰਾਬੰਦੀ ਤੋੜਨਾ ਅਤੇ ਫ਼ਲਸਤੀਨੀਆਂ ਦੀ ਤਰਸਯੋਗ ਹਾਲਤ ਦੁਨੀਆ ਸਾਹਮਣੇ ਲਿਆਉਣਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ 41 ਕਿਸ਼ਤੀਆਂ ਰੋਕੀਆਂ ਗਈਆਂ ਸਨ। ਇਸ ਤਾਜ਼ਾ ਕਾਰਵਾਈ ਤੋਂ ਬਾਅਦ ਵੀ 10 ਬੇੜੀਆਂ ਗਾਜ਼ਾ ਵੱਲ ਵਧ ਰਹੀਆਂ ਹਨ।

