ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਨਾਇਜੀਰੀਆ ਦੇ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਇੱਕ ਅਪਰੇਸ਼ਨ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਇੱਕ ਖ਼ੂੰਖਾਰ ਅਤਿਵਾਦੀ ਨੂੰ ਮਾਰ ਮੁਕਾਇਆ ਹੈ।
ਟਰੰਪ ਨੇ ਦੇਰ ਰਾਤ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਸਾਂਝੇ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਬੂ ਬਕਰ ਅਲ-ਮੈਨੂਕੀ ਆਲਮੀ ਪੱਧਰ ‘ਤੇ ਇਸਲਾਮਿਕ ਸਟੇਟ ਸਮੂਹ ਦਾ ਦੂਜਾ ਸਭ ਤੋਂ ਵੱਡਾ ਦਹਿਸ਼ਤਗਰਦ ਸੀ ਅਤੇ “ਉਸ ਨੂੰ ਲੱਗਦਾ ਸੀ ਕਿ ਉਹ ਅਫ਼ਰੀਕਾ ਵਿੱਚ ਲੁਕ ਸਕਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਕੋਲ ਅਜਿਹੇ ਸੂਤਰ ਹਨ, ਜੋ ਸਾਨੂੰ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਰਹਿੰਦੇ ਸਨ।
ਨਾਮ ਨਾ ਛਾਪਣ ਦੀ ਸ਼ਰਤ ‘ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਅਲ-ਮੈਨੂਕੀ ਨੂੰ ਆਈ ਐੱਸ (IS) ਦੇ ਸੰਗਠਨ ਅਤੇ ਫੰਡਿੰਗ (ਵਿੱਤਪੋਸ਼ਣ) ਵਿੱਚ ਇੱਕ ਮੁੱਖ ਵਿਅਕਤੀ ਮੰਨਦਾ ਸੀ। ਉਹ ਅਮਰੀਕਾ ਅਤੇ ਉਸ ਦੇ ਹਿੱਤਾਂ ਦੇ ਖ਼ਿਲਾਫ਼ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ।
ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਟਿਨੂਬੂ ਨੇ ਇਸ ਅਪਰੇਸ਼ਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਚਾਡ ਝੀਲ ਦੇ ਨੇੜੇ ਸਥਿਤ ਇਲਾਕੇ ਵਿੱਚ ਅਲ-ਮੈਨੂਕੀ ਦੇ ਟਿਕਾਣੇ ‘ਤੇ ਕੀਤੇ ਗਏ ਹਮਲੇ ਦੌਰਾਨ ਇਹ ਖ਼ੂੰਖਾਰ ਅਤਿਵਾਦੀ ਆਪਣੇ ਕਈ ਲੜਾਕਿਆਂ ਸਮੇਤ ਮਾਰਿਆ ਗਿਆ।
ਇਸ ਅਪਰੇਸ਼ਨ ਵਿੱਚ ਸ਼ਾਮਲ ਨਾਇਜੀਰੀਆ ਦੀ ਫ਼ੌਜੀ ਟਾਸਕ ਫੋਰਸ ਦੇ ਬੁਲਾਰੇ ਸਾਨੀ ਉਬਾ ਦੇ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਹਨੇਰੇ ਵਿੱਚ ਤਿੰਨ ਘੰਟਿਆਂ ਤੱਕ ਇਹ ਅਪਰੇਸ਼ਨ ਚੱਲਿਆ, ਜਿਸ ਵਿੱਚ (ਸੁਰੱਖਿਆ ਬਲਾਂ ਦਾ) ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

