ਆਪਣਾ ਪੰਜਾਬ ਮੀਡੀਆ : ਇਰਾਨ ਨੇ ਕਿਹਾ ਹੈ ਕਿ ਉਹ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਰਾਹੀਂ ‘ਦੁਸ਼ਮਣ’ ਦੇਸ਼ ਦੇ ਫ਼ੌਜੀ ਸਾਜ਼ੋ ਸਾਮਾਨ (ਹਥਿਆਰਾਂ) ਨੂੰ ਲੰਘਣ ਦੀ ਹੋੋਰ ਖੁੱਲ੍ਹ ਨਹੀਂ ਦੇਵੇਗਾ। ਅਲ ਜਜ਼ੀਰਾ ਨੇ ਆਪਣੀ ਰਿਪੋਰਟ ਵਿੱਚ ਇਰਾਨ ਦੇ ਪ੍ਰਥਮ ਉਪ ਰਾਸ਼ਟਰਪਤੀ ਮੁਹੰਮਦ ਰਜ਼ਾ ਆਰਿਫ਼ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਹਰਮੁਜ਼ ਜਲ ਮਾਰਗ ਉੱਤੇ ਆਪਣੀ ਪ੍ਰਭੂਸੱਤਾ ਦੇ ਹੱਕ ਨੂੰ ਤਿਆਗ ਦਿੱਤਾ ਸੀ, ਤੇ ਅਸੀਂ ਪਹਿਲਾਂ ਉਸ ਫ਼ੌਜੀ ਸਾਜ਼ੋ-ਸਾਮਾਨ ਨੂੰ ਲੰਘਣ ਦੀ ਖੁੱਲ੍ਹ ਦਿੱਤੀ, ਜੋ ਸਾਡੇ ਹੀ ਖ਼ਿਲਾਫ਼ ਵਰਤਿਆ ਜਾਣਾ ਸੀ। ਅਸੀਂ ਇਸ ਦੀ ਖੁੱਲ੍ਹ ਹੁਣ ਮੁੜ ਨਹੀਂ ਦੇਵਾਂਗੇ।’’
ਇਸ ਤੋਂ ਪਹਿਲਾਂ ਇਰਾਨੀ ਸੰਸਦ ਦੀ ਕੌਮੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਇਰਾਨ ਨੇ ਹਰਮੁਜ਼ ਜਲ ਮਾਰਗ ਰਾਹੀਂ ਨਿਰਧਾਰਿਤ ਰੂਟ ਰਾਹੀਂ ਸਮੁੰਦਰੀ ਆਵਾਜਾਈ ਦੇ ਕੰਟਰੋਲ ਲਈ ‘ਪੇਸ਼ੇਵਰ ਚੌਖਟਾ’ ਤਿਆਰ ਕੀਤਾ ਹੈ, ਜਿਸ ਤੋਂ ਜਲਦੀ ਹੀ ਪਰਦਾ ਚੁੱਕਿਆ ਜਾਵੇਗਾ।
ਅਜ਼ੀਜ਼ੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਤਜਵੀਜ਼ਤ ਚੌਖਟਾ ਇਰਾਨ ਦੀ ਕੌਮੀ ਪ੍ਰਭੂਸੱਤਾ ਦੇ ਚੌਖਟੇ ਵਿੱਚ ਰਹਿ ਕੇ ਤਿਆਰ ਕੀਤਾ ਗਿਆ ਹੈ ਤੇ ਇਸ ਦਾ ਮੁੱਖ ਮੰਤਵ ਕੌਮਾਂਤਰੀ ਵਪਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਰਾਨ ਨਾਲ ਸਹਿਯੋਗ ਕਰਨ ਵਾਲੇ ਵਪਾਰਕ ਬੇੜਿਆਂ ਤੇ ਧਿਰਾਂ ਨੂੰ ਹੀ ਇਸ ਚੌਖਟੇ ਦਾ ਲਾਹਾ ਲੈਣ ਦੀ ਖੁੱਲ੍ਹ ਹੋਵੇਗੀ। ਅਜ਼ੀਜ਼ੀ ਨੇ ਸਾਫ਼ ਕਰ ਦਿੱਤਾ ਕਿ ਤਜਵੀਜ਼ਤ ਰੂਟ ਕਥਿਤ ‘ਫਰੀਡਮ ਪ੍ਰਾਜੈਕਟ’ (ਅਮਰੀਕਾ) ਨਾਲ ਜੁੜੇ ਅਪਰੇਟਰਾਂ ਲਈ ਬੰਦ ਰਹੇਗਾ।

