ਖਾੜੀ ਮੁਲਕਾਂ ਤੋਂ 2 ਲੱਖ ਤੋਂ ਵੱਧ ਭਾਰਤੀ ਵਾਪਸ

News Online
2 Min Read

ਆਪਣਾ ਪੰਜਾਬ ਮੀਡੀਆ : ਮੱਧ ਪੂਰਬ ’ਚ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਮਗਰੋਂ ਹੁਣ ਤੱਕ ਤਕਰੀਬਨ 2.20 ਲੱਖ ਭਾਰਤੀ ਵਤਨ ਪਰਤ ਚੁੱਕੇ ਹਨ ਅਤੇ ਯੂ ਏ ਈ, ਸਾਊਦੀ ਅਰਬ, ਓਮਾਨ ਅਤੇ ਕਤਰ ਸਣੇ ਵੱਖ ਵੱਖ ਖਾੜੀ ਮੁਲਕਾਂ ਤੋਂ 45 ਉਡਾਣਾਂ ਦੇ ਅੱਜ ਦੇਸ਼ ਦੇ ਹਵਾਈ ਅੱਡਿਆਂ ’ਤੇ ਪੁੱਜਣ ਦੀ ਉਮੀਦ ਹੈ।ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ (ਖਾੜੀ ਖੇਤਰ) ਅਸੀਮ ਮਹਾਜਨ ਨੇ ਦੱਸਿਆ ਕਿ ਕਤਰ ਦਾ ਹਵਾਈ ਖੇਤਰ ਅੰਸ਼ਿਕ ਤੌਰ ’ਤੇ ਮੁੜ ਖੁੱਲ੍ਹਣ ਮਗਰੋਂ ਉੱਥੋਂ ਉਡਾਣਾਂ ਚਾਲੂ ਹੋ ਰਹੀਆਂ ਹਨ। ਅੱਜ ਅਤੇ ਭਲਕੇ ਭਾਰਤ ਦੇ ਵੱਖ ਵੱਖ ਟਿਕਾਣਿਆਂ ਲਈ ਤਿੰਨ-ਤਿੰਨ ਉਡਾਣਾਂ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ 550 ਭਾਰਤੀ ਨਾਗਰਿਕ ਜ਼ਮੀਨੀ ਰਸਤਿਓਂ ਅਰਮੀਨੀਆ ਅੰਦਰ ਦਾਖਲ ਹੋ ਚੁੱਕੇ ਹਨ ਅਤੇ 90 ਭਾਰਤੀ ਇਰਾਨ ਤੋਂ ਅਜਰਬਾਇਜਾਨ ਅੰਦਰ ਦਾਖਲ ਹੋਏ ਹਨ।

ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਕੁਵੈਤ ਦਾ ਹਵਾਈ ਖੇਤਰ ਹਾਲੇ ਵੀ ਬੰਦ ਹੈ ਅਤੇ ਜਲਦੀ ਹੀ ਵਿਸ਼ੇਸ਼ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ। ਬਹਿਰੀਨ ਤੇ ਇਰਾਕ ਦੇ ਯਾਤਰੀਆਂ ਲਈ ਸਾਊਦੀ ਅਰਬ ਦੇ ਰਸਤਿਓਂ ਲੰਘਣ ਦੀ ਸਹੂਲਤ ਮੁਹੱਈਆ ਕੀਤੀ ਜਾ ਰਹੀ ਹੈ। ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਦੱਸਿਆ ਕਿ ਯੂ ਏ ਈ ਤੋਂ 14 ਮਾਰਚ ਨੂੰ ਰਵਾਨਾ ਹੋਇਆ ਭਾਰਤੀ ਝੰਡੇ ਵਾਲਾ ਸਮੁੰਦਰੀ ਜਹਾਜ਼ ‘ਜਗ ਲਾਡਕੀ’ ਭਾਰਤ ਵੱਲ ਆ ਰਿਹਾ ਹੈ।

ਇਸ ਵਿੱਚ 81 ਹਜ਼ਾਰ ਟਨ ਕੱਚਾ ਤੇਲ ਹੈ। ਜਹਾਜ਼ ਅਤੇ ਉਸ ’ਤੇ ਸਵਾਰ ਚਾਲਕ ਟੀਮ ਵਿਚਲੇ ਸਾਰੇ ਭਾਰਤੀ ਮੈਂਬਰ ਸੁਰੱਖਿਅਤ ਹਨ। ਉਹ ਭਲਕੇ ਮੁੰਦਰਾ ਬੰਦਰਗਾਹ ਪੁੱਜਣਗੇ। ਇਸੇ ਦੌਰਾਨ ਫਾਰਸ ਦੀ ਖਾੜੀ ਤੋਂ ਰਵਾਨਾ ਹੋਇਆ 40 ਹਜ਼ਾਰ ਮੀਟ੍ਰਿਕ ਟਨ ਐੱਲ ਪੀ ਜੀ ਨਾਲ ਲੱਦਿਆ ਐੱਲ ਪੀ ਜੀ ਬੇੜਾ ‘ਸ਼ਿਵਾਲਿਕ’ ਅੱਜ ਸ਼ਾਮ ਗੁਜਰਾਤ ਦੀ ਮੁੰਦਰਾ ਬੰਦਰਗਾਹ ਪੁੱਜ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਐੱਲ ਪੀ ਜੀ ਲਿਆ ਰਿਹਾ ਇੱਕ ਹੋਰ ਭਾਰਤੀ ਬੇੜਾ ‘ਨੰਦਾ ਦੇਵੀ’ ਭਲਕੇ ਵਤਨ ਪੁੱਜੇਗਾ। 22 ਜਹਾਜ਼ ਹਾਲੇ ਵੀ ਫਾਰਸ ਦੀ ਖਾੜੀ ’ਚ ਹਰਮੁਜ਼ ਜਲ ਮਾਰਗ ਦੇ ਪੱਛਮ ’ਚ ਫਸੇ ਹੋਏ ਹਨ।

Share This Article
Leave a Comment

Leave a Reply