Indian Air Force Chief ਨੇ American counterpart ਨਾਲ ਮੁਲਾਕਾਤ ਕੀਤੀ

News Online
2 Min Read

ਆਪਣਾ ਪੰਜਾਬ ਮੀਡੀਆ : ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਅਮਰੀਕੀ ਹਵਾਈ ਸੈਨਾ ਦੇ ਚੀਫ ਆਫ ਸਟਾਫ ਜਨਰਲ ਕੈਨੇਥ ਐਸ ਵਿਲਜ਼ਬਾਕ ਨਾਲ ਮੁਲਾਕਾਤ ਕਰ ਕੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਰੱਖਿਆ ਭਾਈਵਾਲੀ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਏਅਰ ਚੀਫ ਮਾਰਸ਼ਲ ਦਾ 8 ਅਪਰੈਲ ਨੂੰ ਜੁਆਇੰਟ ਬੇਸ ਐਨਾਕੋਸਟੀਆ-ਬੋਲਿੰਗ ’ਚ ਨਿੱਘਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਪੈਂਟਾਗਨ ਵਿਖੇ ਹਵਾਈ ਸੈਨਾ ਦੇ ਸਕੱਤਰ ਟਰੌਏ ਮੇਂਕ ਅਤੇ ਵਿਲਜ਼ਬਾਕ ਨਾਲ ਮੁਲਾਕਾਤ ਕੀਤੀ।

ਕੌਮੀ ਰਾਜਧਾਨੀ ਖੇਤਰ ਵਿੱਚ ਆਪਣੇ ਰੁਝੇਵਿਆਂ ਤੋਂ ਇਲਾਵਾ ਉਨ੍ਹਾਂ ਕੋਲੋਰਾਡੋ ਵਿੱਚ ਪੀਟਰਸਨ ਸਪੇਸ ਫੋਰਸ ਬੇਸ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ ਉੱਤਰੀ ਅਮਰੀਕਾ ਲਈ ਐਰੋਸਪੇਸ ਚਿਤਾਵਨੀ ਅਤੇ ਕੰਟਰੋਲ ਨਾਲ ਸਬੰਧਤ ਦੁਵੱਲੇ ਮਿਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ। ਹਵਾਈ ਸੈਨਾ ਮੁਖੀ ਨੇ ਨੇਵਾਡਾ ਵਿੱਚ ਨੈਲਿਸ ਏਅਰ ਫੋਰਸ ਬੇਸ ਦੀ ਯਾਤਰਾ ਵੀ ਕੀਤੀ ਜਿੱਥੇ ਉਨ੍ਹਾਂ ਅਮਰੀਕੀ ਹਵਾਈ ਸੈਨਾ ਦੇ ਵਾਰਫੇਅਰ ਸੈਂਟਰ ਵਿੱਚ ਬ੍ਰੀਫਿੰਗ ਲਈ ਅਤੇ ਐੱਫ-15ਈ ਐਕਸ ਈਗਲ-2 ਵਿੱਚ ਉਡਾਣ ਭਰੀ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਜਿਹੇ ਮੌਕੇ ਦੋਵਾਂ ਹਵਾਈ ਸੈਨਾਵਾਂ ਵਿਚਕਾਰ ਰਣਨੀਤਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਕਾਰਜ-ਕੁਸ਼ਲਤਾ ਲਈ ਬਹੁਤ ਅਹਿਮ ਹਨ।

ਮੁਲਾਕਾਤ ਦੌਰਾਨ ਅਮਰੀਕੀ ਹਵਾਈ ਸੈਨਾ ਦੇ ਸੀਨੀਅਰ ਨੇਤਾਵਾਂ ਨੇ ਭਾਰਤ ਨਾਲ ਰੱਖਿਆ ਭਾਈਵਾਲੀ ਨੂੰ ਦਿੱਤੀ ਜਾਣ ਵਾਲੀ ਤਰਜੀਹ ’ਤੇ ਜ਼ੋਰ ਦਿੱਤਾ ਅਤੇ ਇਸ ਨੂੰ ਮੁਕਤ, ਖੁੱਲ੍ਹੇ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਭੂਮਿਕਾ ਕਰਾਰ ਦਿੱਤਾ। ਜਨਰਲ ਵਿਲਜ਼ਬਾਕ ਨੇ ਬਹੁ-ਪੱਖੀ ਅਭਿਆਸਾਂ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਖੇਤਰੀ ਰੋਕਥਾਮ ਨੂੰ ਵਧਾਉਣ ਲਈ ਅਜਿਹੇ ਸਹਿਯੋਗ ਦੇ ਵਿਸਥਾਰ ਨੂੰ ਅਹਿਮ ਦੱਸਿਆ। ਉਨ੍ਹਾਂ ਨੇ ਭਾਰਤ ਵੱਲੋਂ ਐਮਕਿਊ-9ਬੀ ਸਕਾਈ ਗਾਰਡੀਅਨ ਜਹਾਜ਼ਾਂ ਦੀ ਖ਼ਰੀਦ ਦਾ ਸਵਾਗਤ ਕੀਤਾ ਅਤੇ ਭਾਰਤੀ ਹਥਿਆਰਬੰਦ ਫ਼ੌਜਾਂ ਨੂੰ ਇਸ ਦੀ ਸਪੁਰਦਗੀ ਤੋਂ ਬਾਅਦ ਇਸ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

Share This Article
Leave a Comment

Leave a Reply