West Asia ‘ਚ ਸ਼ਾਂਤੀ ਲਈ PM Narendra Modi ਦੀ ਪੇਸ਼ਕਸ਼

News Online
2 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਕਿ ਭਾਰਤ, ਪੱਛਮੀ ਏਸ਼ੀਆ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਇਸ ਦੌਰਾਨ ਦੋਵਾਂ ਪੱਖਾਂ ਨੇ ਊਰਜਾ ਅਤੇ ਰੱਖਿਆ ਦੇ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਮੋਦੀ ਅਤੇ ਅਲ ਨਾਹਯਾਨ ਦੀ ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਇਸ ਖਾੜੀ ਮੁਲਕ ਪਹੁੰਚਣ ਤੋਂ ਕੁਝ ਦੇਰ ਬਾਅਦ ਹੋਈ। ਇਹ ਉਨ੍ਹਾਂ ਦੇ ਪੰਜ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੈ, ਜਿਸ ਵਿੱਚ ਚਾਰ ਯੂਰੋਪੀਅਨ ਦੇਸ਼ ਵੀ ਸ਼ਾਮਲ ਹਨ।

ਯੂ ਏ ਈ ਦੇ ਨੇਤਾ ਨਾਲ ਮੁਲਾਕਾਤ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਮੋਦੀ ਨੇ ਕਿਹਾ, ‘‘ਅਸੀਂ ਯੂ ਏ ਈ ’ਤੇ ਹੋਏ ਹਮਲਿਆਂ ਦੀ ਨਿਖੇਧੀ ਕਰਦੇ ਹਾਂ। ਜਿਸ ਤਰ੍ਹਾਂ ਯੂ ਏ ਈ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਸਵੀਕਾਰਯੋਗ ਨਹੀਂ ਹੈ ਪਰ ਜਿਸ ਤਰ੍ਹਾਂ ਯੂ ਏ ਈ ਨੇ ਮੌਜੂਦਾ ਸਥਿਤੀ ਨੂੰ ਸੰਜਮ ਨਾਲ ਸੰਭਾਲਿਆ ਹੈ, ਉਹ ਸ਼ਲਾਘਾਯੋਗ ਹੈ।’’ ਇਸ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਕੁਝ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵਜ਼ ਲਿਮਟਿਡ ਨੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਨਾਲ ਰਣਨੀਤਕ ਸਹਿਯੋਗ ਦੇ ਉਦੇਸ਼ ਨਾਲ ਸਮਝੌਤਾ ਕੀਤਾ ਹੈ। ਦੋਵਾਂ ਨੇਤਾਵਾਂ ਨੇ ਐੱਲ ਪੀ ਜੀ ਦੇ ਖੇਤਰ ਵਿੱਚ ਵੀ ‘ਰਣਨੀਤਕ ਸਹਿਯੋਗ’ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ਦਾ ਉਦੇਸ਼ ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਰਸੋਈ ਗੈਸ ਦੀ ਲੰਬੇ ਸਮੇਂ ਤੱਕ ਸਪਲਾਈ, ਆਰਥਿਕ ਸਥਿਰਤਾ ਅਤੇ ਊਰਜਾ ਭਾਈਵਾਲੀ ਯਕੀਨੀ ਬਣਾਉਣਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਯੂ ਏ ਈ ਨੇ ਰਣਨੀਤਕ ਰੱਖਿਆ ਭਾਈਵਾਲੀ ਦੇ ਢਾਂਚੇ ’ਤੇ ਵੀ ਸਹੀ ਪਾਈ ਹੈ, ਜਿਸ ਦਾ ਉਦੇਸ਼ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਨਵੀਨਤਾ ਤੇ ਤਕਨਾਲੋਜੀ ਦੇ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਅਤੇ ਕੌਮੀ ਤੇ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।

Share This Article
Leave a Comment

Leave a Reply