ਫ਼ੌਜੀ ਟਕਰਾਅ ਹਰੇਕ ਮਸਲੇ ਦਾ ਹੱਲ ਨਹੀਂ: ਪੀ ਐਮ ਮੋਦੀ

News Online
2 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਤੇ ਯੂਕਰੇਨ ਜੰਗ ਦਾ ਸੰਵਾਦ ਤੇ ਕੂਟਨੀਤੀ ਜ਼ਰੀਏ ਹੱਲ ਕੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਕੱਲੀ ਫੌਜੀ ਕਾਰਵਾਈ ਨਾਲ ਸਥਾਈ ਸ਼ਾਂਤੀ ਹਾਸਲ ਨਹੀਂ ਹੋ ਸਕਦੀ। ਉਨ੍ਹਾਂ ਇਹ ਟਿੱਪਣੀਆਂ ਨਾਰਵੇ ਦੇ ਆਪਣੇ ਹਮਰੁਤਬਾ ਜੋਨਸ ਗਾਹਰ ਸਟੋਰ ਨਾਲ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਮਗਰੋਂ ਕੀਤੀਆਂ। ਗੱਲਬਾਤ ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਉੱਤੇ ਕੇਂਦਰਤ ਸੀ। ਸ੍ਰੀ ਮੋਦੀ ਦੀ ਨਾਰਵੇ ਦੀ ਇਹ ਪਲੇਠੀ ਤੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ 43 ਸਾਲਾਂ ’ਚ ਪਹਿਲੀ ਫੇਰੀ ਹੈ।

ਮੋਦੀ ਨੇ ਮੀਡੀਆ ਨੂੰ ਦਿੱਤੇ ਟੈਲੀਵਿਜ਼ਨ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਨਾਰਵੇ ਨੇਮ ਆਧਾਰਿਤ ਵਿਵਸਥਾ, ਗੱਲਬਾਤ ਅਤੇ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਇਸ ਗੱਲ ’ਤੇ ਸਹਿਮਤ ਹਾਂ ਕਿ ਕੋਈ ਵੀ ਮੁੱਦਾ ਸਿਰਫ਼ ਫੌਜੀ ਟਕਰਾਅ ਰਾਹੀਂ ਹੱਲ ਨਹੀਂ ਹੋ ਸਕਦਾ। ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਸੰਘਰਸ਼ ਦੇ ਛੇਤੀ ਹੱਲ ਤੇ ਸ਼ਾਂਤੀ ਲਈ ਹੋਰ ਕੋਸ਼ਿਸ਼ ਦੀ ਹਮਾਇਤ ਕਰਦੇ ਰਹਾਂਗੇ।’’

 ਮੋਦੀ ਪੰਜ ਮੁਲਕਾਂ ਦੀ ਫੇਰੀ ਦੇ ਚੌਥੇ ਪੜਾਅ ਤਹਿਤ ਲੰਘੇ ਦਿਨ ਸਵੀਡਨ ਤੋਂ ਓਸਲੋ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਸਟੋਰ ਨੂੰ ਮਿਲੇ। ਉਨ੍ਹਾਂ ਆਪਣੀਆਂ ਟਿੱਪਣੀਆਂ ਵਿੱਚ ਆਲਮੀ ਸੰਸਥਾਵਾਂ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪਿਛਲੇ ਸਾਲ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਮਿਲੀ ਹਮਾਇਤ ਲਈ ਵੀ ਨਾਰਵੇ ਦਾ ਧੰਨਵਾਦ ਕੀਤਾ। ਉਨ੍ਹਾਂ ਭਾਰਤ ਦੀ ਅਗਵਾਈ ਵਾਲੇ ਹਿੰਦ-ਪ੍ਰਸ਼ਾਂਤ ਸਾਗਰੀ ਪਹਿਲੀਕਦਮੀ ’ਚ ਸ਼ਾਮਲ ਹੋਣ ਦੇ ਨਾਰਵੇ ਦੇ ਫੈਸਲੇ ਦਾ ਸਵਾਗਤ ਕੀਤਾ।

ਇਸੇ ਦੌਰਾਨ ਭਾਰਤ ਅਤੇ ਸਵੀਡਨ ਨੇ ਅਗਲੇ ਪੰਜ ਸਾਲਾਂ ਵਿੱਚ ਵਪਾਰ ਨੂੰ ਦੁੱਗਣਾ ਕਰਨ ਦੇ ਇਰਾਦੇ ਨਾਲ ਮਸਨੂਈ ਬੌਧਿਕਤਾ, ਅਹਿਮ ਖਣਿਜਾਂ, ਨਵੀਆਂ ਕਾਢਾਂ, ਵਪਾਰ ਤੇ ਸਭਿਆਚਾਰਕ ਲੈਣ ਦੇਣ ਸਣੇ ਵੱਖ ਵੱਖ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਦੀ ਸਹਿਮਤੀ ਦਿੱਤੀ। ਸਾਲ 2025 ਵਿੱਚ ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ 7.75 ਅਰਬ ਡਾਲਰ ਸੀ।

Share This Article
Leave a Comment

Leave a Reply