ਆਪਣਾ ਪੰਜਾਬ ਮੀਡੀਆ : ਆਲਮੀ ਭੂ-ਸਿਆਸਤ ’ਚ ਤਬਦੀਲੀਆਂ ਦਰਮਿਆਨ ਭਾਰਤ ਤੇ ਨੈਦਰਲੈਂਡਜ਼ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੈਦਰਲੈਂਡਜ਼ ਦੇ ਉਨ੍ਹਾਂ ਦੇ ਹਮਰੁਤਬਾ ਰੌਬ ਜੈਟਨ ਦਰਮਿਆਨ ਹੋਈ ਵਾਰਤਾ ਦੌਰਾਨ ਰੱਖਿਆ, ਅਹਿਮ ਖਣਿਜਾਂ ਅਤੇ ਹੋਰ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਲਈ 17 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ।
ਲੰਘੀ ਸ਼ਾਮ ਹੋਈ ਮੀਟਿੰਗ ਦੌਰਾਨ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਦੇ ਹਾਲਾਤ, ਖ਼ਾਸਕਰ ਖ਼ਿੱਤੇ ਅਤੇ ਦੁਨੀਆ ਭਰ ’ਤੇ ਇਸ ’ਦੇ ਗੰਭੀਰ ਪ੍ਰਭਾਵਾਂ ਮੁਤੱਲਕ ਚਿੰਤਾ ਜ਼ਾਹਰ ਕੀਤੀ ਕਿਉਂਕਿ ਇਸ ਕਾਰਨ ਆਲਮੀ ਊਰਜਾ ਸਪਲਾਈ ਅਤੇ ਵਪਾਰ ਨੈੱਟਵਰਕ ’ਚ ਅੜਿੱਕੇ ਪੈ ਰਹੇ ਹਨ।
ਸਾਂਝੇ ਬਿਆਨ ਅਨੁਸਾਰ ਮੋਦੀ ਅਤੇ ਜੈਟਨ ਨੇ ਹਰਮੁਜ਼ ਜਲ ਮਾਰਗ ’ਚ ਆਜ਼ਾਦ ਆਵਾਜਾਈ ਅਤੇ ਆਲਮੀ ਕਾਰੋਬਾਰੀ ਜਹਾਜ਼ਾਂ ਨੂੰ ਲੰਘਣ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਪਾਬੰਦੀ ਵਾਲੇ ਕਦਮਾਂ ਦਾ ਵਿਰੋਧ ਕੀਤਾ ਅਤੇ ਇਸ ਸਬੰਧ ’ਚ ਜਾਰੀ ਤਜਰੀਹਾਂ ਪ੍ਰਤੀ ਹਮਾਇਤ ਵੀ ਦੁਹਰਾਈ। ਦੋਵਾਂ ਆਗੂਆਂ ਨੇ ਯੂਕਰੇਨ ਦੇ ਹਾਲਾਤ ’ਤੇ ਵੀ ਚਰਚਾ ਕੀਤੀ ਜੋ ਰੂਸ ਨਾਲ ਜਾਰੀ ਸੰਘਰਸ਼ ਅਤੇ ਖੇਤਰੀ ਸੁਰੱਖਿਆ ਘਟਨਾਵਾਂ ਕਾਰਨ ਪ੍ਰਭਾਵਿਤ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਚਾਰਟਰ ਅਤੇ ਕੌਮਾਂਤਰੀ ਕਾਨੂੰਨ ਦੇ ਸਿਧਾਤਾਂ ’ਤੇ ਆਧਾਰਿਤ ਸੰਵਾਦ ਤੇ ਕੂਟਨੀਤੀ ਰਾਹੀਂ ਯੂਕਰੇਨ ’ਚ ਸਥਾਈ ਸ਼ਾਂਤੀ ਬਹਾਲ ਕਰਨ ਸਬੰਧੀ ਕੋਸ਼ਿਸ਼ਾਂ ਦੀ ਹਮਾਇਤ ਜਾਰੀ ਰੱਖਣ ’ਤੇ ਸਹਿਮਤੀ ਜ਼ਾਹਿਰ ਕੀਤੀ।
ਮੋਦੀ-ਜੈਟਨ ਵਾਰਤਾ ਤੋਂ ਬਾਅਦ ਭਾਰਤ ਅਤੇ ਨੈਦਰਲੈਂਡਜ਼ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਦੇ ਨਾਲ-ਨਾਲ ਸੈਮੀਕੰਡਕਟਰ, ਪੁਲਾੜ, ਏ ਆਈ ਅਤੇ ਕੁਆਂਟਮ ਕੰਪਿਊਟਿੰਗ ਸਮੇਤ ਅਹਿਮ ਅਤੇ ਉੱਭਰ ਰਹੀਆਂ ਤਕਨੀਕਾਂ ਵਿੱਚ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ‘ਰਣਨੀਤਕ ਭਾਈਵਾਲੀ ਰੂਪਰੇਖਾ’ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਡੱਚ ਹਮਰੁਤਬਾ ਰੌਬ ਜੈਟਨ ਨਾਲ ਅੱਜ ਇਤਿਹਾਸਕ ਅਫਸਲੋਟਿਕ ਡੈਮ ਦਾ ਦੌਰਾ ਵੀ ਕੀਤਾ।

