ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ‘ਸਾਂਝੀ ਕਾਰਜ ਯੋਜਨਾ’ ਤਿਆਰ ਕਰਨਗੇ ਭਾਰਤ ਅਤੇ ਕੈਨੇਡਾ

News Online
2 Min Read

ਆਪਣਾ ਪੰਜਾਬ ਮੀਡੀਆ : ਭਾਰਤ ਅਤੇ ਕੈਨੇਡਾ ਨੇ ਆਪਣੇ ਤਣਾਅਪੂਰਨ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਦੋਵੇਂ ਦੇਸ਼ ਕੌਮੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਮੁੱਦਿਆਂ ‘ਤੇ ਸਹਿਯੋਗ ਵਧਾਉਣ ਲਈ ਇੱਕ ‘ਸਾਂਝੀ ਕਾਰਜ ਯੋਜਨਾ’ (Joint Action Plan) ਤਿਆਰ ਕਰਨ ਉਤੇ ਸਹਿਮਤ ਹੋ ਗਏ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਨਾ ਹੈ।


ਇਹ ਅਹਿਮ ਫੈਸਲਾ ਸ਼ਨੀਵਾਰ ਨੂੰ ਓਟਾਵਾ ਵਿਖੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਨਥਾਲੀ ਡਰੋਇਨ ਵਿਚਾਲੇ ਹੋਈ ਉੱਚ ਪੱਧਰੀ ਬੈਠਕ ਦੌਰਾਨ ਲਿਆ ਗਿਆ। ਇਸ ਮੁਲਾਕਾਤ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਇੱਕ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਕਾਫੀ ਹੇਠਲੇ ਪੱਧਰ ‘ਤੇ ਪਹੁੰਚ ਗਏ ਸਨ।


ਵਿਦੇਸ਼ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ, ਦੋਵੇਂ ਧਿਰਾਂ ਆਪਣੇ ਦੇਸ਼ਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੀਆਂ। ਇਸ ਸਮਝੌਤੇ ਤਹਿਤ ਹਰ ਦੇਸ਼ ‘ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੇ ਸੰਪਰਕ ਅਧਿਕਾਰੀ’ (Liaison Officers) ਨਿਯੁਕਤ ਕਰੇਗਾ। ਇਹ ਅਧਿਕਾਰੀ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਵਿਚਾਲੇ ਤਾਲਮੇਲ ਵਧਾਉਣਗੇ ਅਤੇ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਗੇ।
ਬੈਠਕ ਵਿੱਚ ਫੈਂਟਾਨਿਲ ਵਰਗੇ ਘਾਤਕ ਨਸ਼ਿਆਂ ਦੇ ਗੈਰਕਾਨੂੰਨੀ ਪ੍ਰਵਾਹ ਅਤੇ ਕੌਮਾਂਤਰੀ ਸੰਗਠਤ ਅਪਰਾਧਿਕ ਗੈਂਗਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ਇਸ ਤੋਂ ਇਲਾਵਾ, ਸਾਈਬਰ ਸੁਰੱਖਿਆ, ਇਮੀਗ੍ਰੇਸ਼ਨ ਧੋਖਾਧੜੀ ਅਤੇ ਜਾਣਕਾਰੀ ਸਾਂਝੀ ਕਰਨ ਦੇ ਮੁੱਦਿਆਂ ‘ਤੇ ਵੀ ਗੱਲਬਾਤ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। NSA ਡੋਭਾਲ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨਾਲ ਵੀ ਮੁਲਾਕਾਤ ਕੀਤੀ।


ਅਜੀਤ ਡੋਭਾਲ ਦੀ ਇਹ ਯਾਤਰਾ ਅਗਲੇ ਮਹੀਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਲਈ ਜ਼ਮੀਨ ਤਿਆਰ ਕਰ ਰਹੀ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਕੈਨੇਡਾ ਵਿੱਚ ਹੋਈਆਂ ਸੱਤਾ ਤਬਦੀਲੀਆਂ ਤੋਂ ਬਾਅਦ ਸਬੰਧਾਂ ਵਿੱਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਦੋਵਾਂ ਦੇਸ਼ਾਂ ਨੇ ਪਹਿਲਾਂ ਹੀ ਆਪਣੇ ਹਾਈ ਕਮਿਸ਼ਨਰਾਂ ਨੂੰ ਮੁੜ ਤਾਇਨਾਤ ਕਰ ਦਿੱਤਾ ਹੈ, ਜੋ ਸਬੰਧਾਂ ਦੇ ਆਮ ਹੋਣ ਦਾ ਸਪੱਸ਼ਟ ਸੰਕੇਤ ਹੈ

Share This Article
Leave a Comment

Leave a Reply