ਆਪਣਾ ਪੰਜਾਬ ਮੀਡੀਆ: ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ 13 ਜਨਵਰੀ ਦੀ ਅੱਧੀ ਰਾਤ ਤੋਂ ਅੱਜ ਸਾਰਾ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਪੰਜਾਬ, ਗੁਆਂਢੀ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਇੱਥੇ ਪੁੱਜੀ। ਇਸ਼ਨਾਨ ਉਪਰਾਂਤ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਤੰਬੂ ਸਾਹਿਬ, ਮਾਈ ਭਾਗੋ ਅਤੇ ਸ਼ਹੀਦ ਗੰਜ ਸਾਹਿਬ ਵਿੱਚ ਨਤਮਸਤਕ ਹੋ ਕੇ ਦਰਸ਼ਨ ਕੀਤੇ।
ਇਸ ਦੌਰਾਨ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਢਾਡੀ ਦਰਬਾਰ ਚੱਲਦਾ ਰਿਹਾ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਠੰਢ ਨੂੰ ਧਿਆਨ ਵਿੱਚ ਰੱਖਦਿਆਂ ਦਰਬਾਰ ਸਾਹਿਬ ਕਮੇਟੀ ਵੱਲੋਂ ਪਰਿਕਰਮਾ ਵਿੱਚ ਮੈਟ ਵਿਛਾਏ ਗਏ ਅਤੇ ਸੰਗਤ ਨੂੰ ਰਜਾਈਆਂ ਦਿੱਤੀਆਂ ਗਈਆਂ। ਵੱਖ-ਵੱਖ ਥਾਵਾਂ ’ਤੇ ਚਾਹ ਅਤੇ ਪਕੌੜਿਆਂ ਦੇ ਲੰਗਰ ਵੀ ਚੱਲ ਰਹੇ ਸਨ। ਇਸੇ ਤਰ੍ਹਾਂ ਗੁਰਦੁਆਰਾ ਟਿੱਬੀ ਸਾਹਿਬ ਦੇ ਸਰੋਵਰ ਵਿੱਚ ਵੀ ਸੰਗਤ ਨੇ ਇਸ਼ਨਾਨ ਕੀਤਾ।
ਇਸੇ ਸਮੇਂ ਦੌਰਾਨ ਨਿਹੰਗ ਸਿੰਘਾਂ ਨੇ ਦਰਜਨ ਭਰ ਛਾਉਣੀਆਂ ਲਗਾਈਆਂ ਹੋਈਆਂ ਹਨ। ਬੁੱਢਾ ਦਲ, ਤਰਨਾ ਦਲ, ਬਾਬਾ ਬਿਧੀ ਚੰਦ ਅਤੇ ਹੋਰ ਦਲਾਂ ਦੇ ਨਿਹੰਗ ਸਿੰਘ ਇੱਥੇ ਪੁੱਜੇ ਹਨ। ਨਿਹੰਗ ਛਾਉਣੀਆਂ ਵਿੱਚ ਦਸਮ ਗ੍ਰੰਥ ਦੇ ਅਖੰਡ ਪਾਠ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਦੇ ਭੋਗ ਭਲਕੇ ਪਾਏ ਜਾਣਗੇ। ਨਿਹੰਗ ਅਵਤਾਰ ਸਿੰਘ ਨੇ ਦੱਸਿਆ ਕਿ ਆਦਿ ਬਾਣੀ ਮਨ ਨੂੰ ਕਾਬੂ ਕਰਨ ਅਤੇ ਦਸਮ ਬਾਣੀ ਜੋਸ਼ ਪੈਦਾ ਕਰਨ ਲਈ ਰਚੀ ਗਈ ਹੈ।
15 ਜਨਵਰੀ ਨੂੰ ਨਿਹੰਗ ਸਿੰਘ ਹੋਲਾ ਮੁਹੱਲਾ ਵਿੱਚ ਸ਼ਾਮਲ ਹੋ ਕੇ ਗਤਕੇ ਅਤੇ ਘੋੜ ਸਵਾਰੀ ਦੇ ਕਰਤੱਬ ਵਿਖਾਉਣਗੇ। ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਠੰਢ ਦੇ ਬਾਵਜੂਦ ਸੰਗਤ ਲਗਾਤਾਰ ਪੁੱਜ ਰਹੀ ਹੈ। ਕਮੇਟੀ ਵੱਲੋਂ ਕੜਾਹ ਪ੍ਰਸ਼ਾਦ ਲਈ 15 ਵਾਧੂ ਕਾਊਂਟਰ ਅਤੇ 300 ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਅਖੰਡ ਪਾਠ ਦਾ ਭੋਗ ਪਾਇਆ ਗਿਆ। 15 ਜਨਵਰੀ ਨੂੰ ਗੇਟ ਨੰਬਰ 4 ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਵੱਖ-ਵੱਖ ਗੁਰਦੁਆਰਿਆਂ ਰਾਹੀਂ ਵਾਪਸ ਦਰਬਾਰ ਸਾਹਿਬ ਪੁੱਜੇਗਾ।

