ਆਪਣਾ ਪੰਜਾਬ ਮੀਡੀਆ : ਕੇਂਦਰੀ ਜਾਂਚ ਬਿਊਰੋ (CBI) ਨੇ ਸਾਬਕਾ ਫੌਜੀਆਂ ਦੀ ਸਿਹਤ ਯੋਜਨਾ (ECHS) ਸਬੰਧੀ ਬਹੁ-ਕਰੋੜੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਜਾਂਚ ਏਜੰਸੀ ਨੇ ਇੱਕ ਹੈਲਥਕੇਅਰ ਫਰਮ ਦੇ ਡਾਇਰੈਕਟਰਾਂ ਅਤੇ ਕਈ ਨਾਮੀ ਨਿੱਜੀ ਸੁਪਰ-ਸਪੈਸ਼ਲਿਟੀ ਹਸਪਤਾਲਾਂ ਦੇ ਡਾਕਟਰਾਂ ਵਿਰੁੱਧ ਫਰਜ਼ੀ ਮੈਡੀਕਲ ਦਾਅਵਿਆਂ ਰਾਹੀਂ ਸਰਕਾਰੀ ਫੰਡ ਹੜੱਪਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
CBI ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. (FIR) ਵਿੱਚ ਮੰਥਨ ਹੈਲਥ ਕੇਅਰ (ਸੈਕਟਰ 38, ਚੰਡੀਗੜ੍ਹ) ਦੇ ਡਾਇਰੈਕਟਰ ਡਾ. ਵਿਕਾਸ ਸ਼ਰਮਾ ਅਤੇ ਡਾ. ਰਿੰਪਲ ਗੁਪਤਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧਰਮ ਹਸਪਤਾਲ (ਸੈਕਟਰ 15), ਕੇਅਰ ਪਾਰਟਨਰ ਹਾਰਟ ਸੈਂਟਰ (ਸੈਕਟਰ 19) ਅਤੇ ਉਨ੍ਹਾਂ ਦੇ ਕਰਮਚਾਰੀਆਂ ਵਿਰੁੱਧ ਵੀ ਮਾਮਲਾ ਦਰਜ ਹੋਇਆ ਹੈ। ਜਾਂਚ ਦੌਰਾਨ ਮੁਹਾਲੀ ਦੇ ਅਮਰ ਹਸਪਤਾਲ, ਸ਼ੈਲਬੀ ਹਸਪਤਾਲ, ਮੈਡ ਪਾਰਕ ਹਸਪਤਾਲ ਅਤੇ ਚੰਡੀਗੜ੍ਹ ਦੇ ਐਡਨ ਕ੍ਰਿਟੀਕਲ ਕੇਅਰ ਹਸਪਤਾਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

