ਆਪਣਾ ਪੰਜਾਬ ਮੀਡੀਆ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਦਿਨੇਸ਼ ਪਚੌਰੀ ਨੂੰ ਨਵਾਂ ਵਧੀਕ ਨਿਰਦੇਸ਼ਕ ਤਾਇਨਾਤ ਕੀਤਾ ਗਿਆ ਹੈ। ਅਧਿਕਾਰਕ ਤੌਰ ’ਤੇ ਇਸਨੂੰ ਰੁਟੀਨ ਤਬਾਦਲਾ ਦੱਸਿਆ ਗਿਆ ਹੈ।
ਈਡੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਨਾਲ ਜੁੜੇ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਸਨ। ਸਿਹਤ ਕਾਰਣਾਂ ਕਰਕੇ ਕੈਪਟਨ ਅਮਰਿੰਦਰ ਹਾਜ਼ਰ ਨਹੀਂ ਹੋ ਸਕੇ, ਜਦਕਿ ਮਾਮਲਾ ਰਣਇੰਦਰ ਸਿੰਘ ਨਾਲ ਜੁੜੀ ਪੁਰਾਣੀ ਜਾਂਚ ਨਾਲ ਸੰਬੰਧਿਤ ਹੈ, ਜਿਸ ਵਿੱਚ ਵਿਦੇਸ਼ੀ ਸੰਪਤੀ ਅਤੇ ਫੰਡਾਂ ਦੀ ਕਥਿਤ ਹੇਰਾਫੇਰੀ ਦੀ ਜਾਂਚ ਸ਼ਾਮਲ ਹੈ।
ਰਣਇੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਾਨੂੰਨੀ ਕਾਰਵਾਈ ਵਿੱਚ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨਗੇ।

