ਆਪਣਾ ਪੰਜਾਬ ਮੀਡੀਆ : ਤਾੜੀਆਂ ਦੀ ਗੂੰਜ ਤੇ ਉਤਸ਼ਾਹ ਦਰਮਿਆਨ ਨਾਸਾ ਦੇ ‘ਆਰਟੇਮਿਸ-2’ ਮਿਸ਼ਨ ਦੇ ਚਾਰ ਪੁਲਾੜ ਯਾਤਰੀ ਚੰਦ ਦੀ ਇਤਿਹਾਸਕ ਯਾਤਰਾ ਪੂਰੀ ਕਰਨ ਮਗਰੋਂ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਰੱਖਿਅਤ ਉਤਰ ਗਏ। ਇਹ ਪਿਛਲੇ ਪੰਜਾਹ ਸਾਲਾਂ ਤੋਂ ਵੱਧ ਸਮੇਂ ਦੌਰਾਨ ਚੰਦਰਮਾ ਤੱਕ ਦੀ ਪਹਿਲੀ ਮਨੁੱਖੀ ਉਡਾਣ ਸੀ।
ਨਾਸਾ ਦੇ ਭਾਰਤੀ ਮੂਲ ਦੇ ਸਹਾਇਕ ਪ੍ਰਸ਼ਾਸਕ ਅਮਿਤ ਕਸ਼ੱਤਰੀਆ ਨੇ ਸਾਂ ਡੀਏਗੋ ਸਾਹਿਲ ਕੋਲ ਸ਼ੁੱਕਰਵਾਰ ਨੂੰ (ਪੂਰਬੀ ਸਮੇਂ ਮੁਤਾਬਕ 8:07 ਵਜੇ) ਧਰਤੀ ਉੱਤੇ ਵਾਪਸੀ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਦ ਤੱਕ ਜਾਣ ਦਾ ਰਾਹ ਖੁੱਲ੍ਹ ਗਿਆ ਹੈ, ਪਰ ਅੱਗੇ ਦਾ ਕੰਮ ਬੀਤੇ ਵਿੱਚ ਕੀਤੇ ਗਏ ਕੰਮਾਂ ਨਾਲੋਂ ਕਿਤੇ ਵੱਡਾ ਹੈ। ਇਸ ਮਿਸ਼ਨ ਵਿੱਚ ਸ਼ਾਮਲ ਕਮਾਂਡਰ ਰੀਡ ਵਾਇਜ਼ਮੈਨ, ਪਾਇਲਟ ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਤੇ ਕੈਨੇਡਾ ਦੇ ਜੇਰੇਮੀ ਹੈਨਸੇਨ ਨੇ ਦਸੰਬਰ 1972 ਵਿੱਚ ਅਪੋਲੋ 17 ਮਿਸ਼ਨ ਮਗਰੋਂ ਪਹਿਲੀ ਵਾਰ ਚੰਦ ਦੀ ਯਾਤਰਾ ਕੀਤੀ ਹੈ।
ਉਡਾਣ ਨਿਰਦੇਸ਼ਕ ਰਿਕ ਹੈਨਫਲਿੰਗ ਨੇ ਕਿਹਾ ਕਿ ਆਰਟੇਮਿਸ-2 ਦੇ ਪੁਲਾੜ ਯਾਤਰੀ ‘ਖ਼ੁਸ਼ ਤੇ ਸਿਹਤਮੰਦ’ ਹਨ ਤੇ ਹਿਊਸਟਨ ਮੁੜਨ ਲਈ ਤਿਆਰ ਹਨ।’’ ਆਰਟੇਮਿਸ-2 ਪਹਿਲਾ ਮਨੁੱਖੀ ਮਿਸ਼ਨ ਸੀ ਜਿਸ ਵਿੱਚ ਨਾਸਾ ਦੇ ਪੁਲਾੜ ਪ੍ਰੀਖਣ ਪ੍ਰਣਾਲੀ ਰਾਕੇਟ ਤੇ ਓਰੀਅਨ ਕਰੂ ਮੌਡਿਊਲ ਦੀ ਵਰਤੋਂ ਕੀਤੀ ਗਈ, ਜਿਸ ਨਾਲ ਇਹ ਸਾਬਤ ਹੋਇਆ ਕਿ ਏਜੰਸੀ ਦਾ ਉਪਕਰਨ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਗ੍ਰਹਿ ਪੰਧ ਤੋਂ ਬਾਹਰ ਭੇਜ ਕੇ ਸੁਰੱਖਿਅਤ ਵਾਪਸ ਲਿਆ ਸਕਦਾ ਹੈ।

