ਆਪਣਾ ਪੰਜਾਬ ਮੀਡੀਆ : ਅਮਰੀਕਾ ਅਤੇ ਇਰਾਨ ਵਿਚਾਲੇ ਅਗਲੇ ਹਫ਼ਤੇ ਦੇ ਸ਼ੁਰੂ ’ਚ ਮੁੜ ਵਾਰਤਾ ਸ਼ੁਰੂ ਹੋ ਸਕਦੀ ਹੈ। ‘ਦਿ ਵਾਲ ਸਟਰੀਟ ਜਰਨਲ’ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਰਿਪੋਰਟ ਨਸ਼ਰ ਕੀਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਵੇਂ ਮੁਲਕ ਵਿਚੋਲਿਆਂ ਰਾਹੀਂ 14 ਨੁਕਾਤੀ ਸਮਝੌਤੇ ਦੇ ਖ਼ਾਕੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਤਾਂ ਕਿ ਛੇਤੀ ਤੋਂ ਛੇਤੀ ਜੰਗ ਮੁਕੰਮਲ ਤੌਰ ’ਤੇ ਰੋਕੀ ਜਾ ਸਕੇ। ਉਧਰ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਰਾਨ ਨੇ ਕਿਹਾ ਕਿ ਉਹ ਹਾਲੇ ਵੀ ਅਮਰੀਕੀ ਤਜਵੀਜ਼ ਦੀ ਨਜ਼ਰਸਾਨੀ ਕਰ ਰਿਹਾ ਹੈ ਅਤੇ ਢੁਕਵੇਂ ਸਮੇਂ ’ਤੇ ਜਵਾਬ ਦਿੱਤਾ ਜਾਵੇਗਾ।
ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ਈ ਨੇ ਸਮਾਂ ਸੀਮਾ ਸਬੰਧੀ ਵਾਸ਼ਿੰਗਟਨ ਦੇ ਦਬਾਅ ਨੂੰ ਖ਼ਾਰਜ ਕਰ ਦਿੱਤਾ। ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਇਰਾਨ ‘ਬਸਤੀਵਾਦ ਅਤੇ ਸ਼ੋਸ਼ਣ’ ਦੀ ਨੀਤੀ ਨੂੰ ਨਕਾਰਦਿਆਂ ਆਪਸੀ ਸਨਮਾਨ ਅਤੇ ਸਾਂਝੇ ਹਿੱਤਾਂ ਦੇ ਆਧਾਰ ’ਤੇ ਦੂਜੇ ਮੁਲਕਾਂ ਨਾਲ ਦੋਸਤਾਨਾ ਰਿਸ਼ਤੇ ਵਧਾਉਣ ਲਈ ਵਚਨਬੱਧ ਹੈ। ਰਿਪੋਰਟ ਮੁਤਾਬਕ ਤਜਵੀਜ਼ਤ ਸਮਝੌਤੇ ਦੀਆਂ ਅਹਿਮ ਸ਼ਰਤਾਂ ’ਚ ਇਰਾਨ ਦੇ ਪਰਮਾਣੂ ਪ੍ਰੋਗਰਾਮ, ਹਰਮੁਜ਼ ਜਲ ਮਾਰਗ ’ਚ ਤਣਾਅ ਘਟਾਉਣ ਅਤੇ ਇਰਾਨ ਦਾ ਸੋਧਿਆ ਯੂਰੇਨੀਅਮ ਕਿਸੇ ਹੋਰ ਮੁਲਕ ਹਵਾਲੇ ਕਰਨਾ ਸ਼ਾਮਲ ਹਨ। ਉਂਜ ਕਈ ਅਹਿਮ ਮੁੱਦਿਆਂ ਦਾ ਹੱਲ ਹਾਲੇ ਨਹੀਂ ਨਿਕਲ ਸਕਿਆ।
ਇਨ੍ਹਾਂ ’ਚੋਂ ਇਕ ਸ਼ਰਤ ਇਰਾਨ ਨੂੰ ਪਾਬੰਦੀਆਂ ਤੋਂ ਰਾਹਤ ਸਬੰਧੀ ਹੈ ਜਿਸ ਬਾਰੇ ਰਿਪੋਰਟ ’ਚ ਆਖਿਆ ਗਿਆ ਹੈ ਕਿ ਇਸ ਨਾਲ ਵਾਰਤਾ ’ਚ ਹੋਰ ਦੇਰ ਹੋ ਸਕਦੀ ਹੈ। ਰਿਪੋਰਟਾਂ ਅਨੁਸਾਰ ਜੇ ਗੱਲਬਾਤ ਅੱਗੇ ਵਧਦੀ ਹੈ ਤਾਂ ਸ਼ੁਰੂਆਤੀ ਇਕ ਮਹੀਨੇ ਦੀ ਵਾਰਤਾ ਦੀ ਮਿਆਦ ਨੂੰ ਆਪਸੀ ਸਹਿਮਤੀ ਨਾਲ ਵਧਾਇਆ ਜਾ ਸਕਦਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

