ਆਪਣਾ ਪੰਜਾਬ ਮੀਡੀਆ : ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਕੈਂਪਬੈਲ ਵਿਲਸਨ ਨੇ ਅੱਜ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਨੈਤਿਕ ਉਲੰਘਣਾਵਾਂ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ 1,000 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਨਾਲ ਟਾਊਨ ਹਾਲ ਮੀਟਿੰਗ ਦੌਰਾਨ ਵਿਲਸਨ ਨੇ ਸਪੱਸ਼ਟ ਕੀਤਾ ਕਿ ਹਰ ਸਾਲ ਸੈਂਕੜੇ ਕਰਮਚਾਰੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਨੂੰ ਉਦੋਂ ਵੀ ਇਮਾਨਦਾਰੀ ਅਤੇ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਜਦੋਂ ਕੋਈ ਉਨ੍ਹਾਂ ਨੂੰ ਦੇਖ ਨਹੀਂ ਰਿਹਾ ਹੁੰਦਾ।
ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਇਸ ਵੇਲੇ ਲਗਪਗ 24,000 ਕਰਮਚਾਰੀ ਹਨ। ਸੀਈਓ ਮੁਤਾਬਕ ਇਕ ਹਜ਼ਾਰ ਕਾਮਿਆਂ ਨੂੰ ਜਹਾਜ਼ਾਂ ਤੋਂ ਸਾਮਾਨ ਦੀ ਸਮਗਲਿੰਗ ਕਰਨ ਅਤੇ ਬਿਨਾਂ ਫੀਸ ਲਏ ਵਾਧੂ ਸਾਮਾਨ ਲਿਜਾਣ ਦੀ ਇਜਾਜ਼ਤ ਦੇਣ ਦੇ ਦੋਸ਼ਾਂ ਤਹਿਤ ਨੌਕਰੀਓਂ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਵੱਲੋਂ ‘ਮੁਲਾਜ਼ਮ ਮਨੋਰੰਜਨ ਯਾਤਰਾ’ (ELT) ਪ੍ਰਣਾਲੀ ਦੀ ਦੁਰਵਰਤੋਂ ਕੀਤੀ ਗਈ ਸੀ। ਮਾਰਚ ਵਿੱਚ ਹੋਈ ਇੱਕ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਲਗਪਗ 4,000 ਮੁਲਾਜ਼ਮਾਂ ਨੇ ਯਾਤਰਾ ਨੀਤੀ ਦਾ ਗਲਤ ਫਾਇਦਾ ਉਠਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਜੁਰਮਾਨੇ ਵੀ ਲਗਾਏ ਗਏ ਸਨ।

