ਕੈਂਪਸ ਸੁਰੱਖਿਅਤ ਹੋਣ ਦਾ ਦਾਅਵਾ; ਰਸ਼ਮੀ ਮਿੱਤਲ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ’ਤੇ ਅੰਨ੍ਹੇਵਾਹ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ
ਜਲੰਧਰ : ਆਪਣਾ ਪੰਜਾਬ ਮੀਡੀਆ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਾਲ ਹੀ ਦੇ ਹੰਗਾਮੇ ਅਤੇ ਹਿੰਸਕ ਘਟਨਾਵਾਂ ਤੋਂ ਬਾਅਦ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਰਸ਼ਮੀ ਮਿੱਤਲ ਨੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਾਰੇ ਫੈਲੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਮੁਤਾਬਕ ਕੈਂਪਸ ਹੁਣ ਸੁਰੱਖਿਅਤ ਹੈ ਅਤੇ ਹਾਲਾਤ ਆਮ ਹਨ।
ਰਸ਼ਮੀ ਮਿੱਤਲ ਨੇ ਕਿਹਾ ਕਿ LPU ਵਿੱਚ ਵਿਦਿਆਰਥੀਆਂ ਲਈ ਆਪਣੀਆਂ ਸਮੱਸਿਆਵਾਂ ਪ੍ਰਬੰਧਨ ਤੱਕ ਪਹੁੰਚਾਉਣ ਲਈ ਕਈ ਪਲੇਟਫਾਰਮ ਮੌਜੂਦ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇ ਵਿਦਿਆਰਥੀਆਂ ਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਪ੍ਰਬੰਧਨ ਕੋਲ ਸਿੱਧੇ ਕਿਉਂ ਨਹੀਂ ਆਏ। ਉਨ੍ਹਾਂ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਜਾਣਕਾਰੀਆਂ ਦੀ ਪੁਸ਼ਟੀ ਕੀਤੇ ਬਿਨਾਂ ਉਨ੍ਹਾਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਵੀ ਕੀਤੀ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਹੰਗਾਮੇ ਦੌਰਾਨ ਕੁਝ ਬਾਹਰੀ ਤੱਤਾਂ ਨੇ ਸਥਿਤੀ ਦਾ ਫਾਇਦਾ ਉਠਾਉਂਦਿਆਂ ਕੈਂਪਸ ਵਿੱਚ ਦਾਖ਼ਲ ਹੋ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਦੁਕਾਨਾਂ ਵਿੱਚ ਲੁੱਟ-ਖੋਹ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੌਰਾਨ ਯੂਨੀਵਰਸਿਟੀ ਨੇ ਕਲਾਸਾਂ ਅਤੇ ਮਿਡ-ਟਰਮ ਪ੍ਰੀਖਿਆਵਾਂ ਨੂੰ 10 ਦਿਨਾਂ ਲਈ ਮੁਅੱਤਲ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।


