ਹੋਰਮੁਜ਼ ਜਲਡਮਰੂਮੱਧ ਮੁੜ ਖੋਲ੍ਹਣ ਸਬੰਧੀ ਈਰਾਨ ਦੀਆਂ ਸ਼ਰਤਾਂ ’ਤੇ ਹੋਵੇਗੀ ਚਰਚਾ; ਅਮਰੀਕੀ ਪੱਖ ਨਾਲ ਸਿੱਧੀ ਮੁਲਾਕਾਤ ਦੀ ਉਮੀਦ ਨਹੀਂ
ਨਿਊਯਾਰਕ : ਆਪਣਾ ਪੰਜਾਬ ਮੀਡੀਆ : ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਿਊਯਾਰਕ ਵਿੱਚ ਵਿਚੋਲਿਆਂ ਨਾਲ ਮੁਲਾਕਾਤ ਕਰਨ ਵਾਲੇ ਹਨ, ਜਿੱਥੇ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਤਾਜ਼ਾ ਪ੍ਰਸਤਾਵਾਂ ਅਤੇ ਖੇਤਰੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਜਲਡਮਰੂਮੱਧ ਨੂੰ ਮੁੜ ਖੋਲ੍ਹਣ ਨਾਲ ਜੁੜੀ ਈਰਾਨ ਦੀ ਤਜਵੀਜ਼ ਰੱਦ ਕਰਨ ਤੋਂ ਕੁਝ ਦਿਨ ਬਾਅਦ ਹੋ ਰਹੀ ਹੈ।
ਰਿਪੋਰਟਾਂ ਮੁਤਾਬਕ ਕਤਰ ਦੇ ਵਿਚੋਲੇ ਦੋਵਾਂ ਧਿਰਾਂ ਵਿਚਾਲੇ ਸੁਨੇਹਿਆਂ ਅਤੇ ਤਜਵੀਜ਼ਾਂ ਦੀ ਅਦਲਾ-ਬਦਲੀ ਕਰ ਰਹੇ ਹਨ। ਈਰਾਨ ਦੀ ਸੱਤ ਦਿਨਾਂ ਵਾਲੀ ਯੋਜਨਾ ਵਿੱਚ ਹੋਰਮੁਜ਼ ਜਲਡਮਰੂਮੱਧ ਨੂੰ ਆਮ ਸਮੁੰਦਰੀ ਆਵਾਜਾਈ ਲਈ ਮੁੜ ਖੋਲ੍ਹਣ ਦੇ ਬਦਲੇ ਈਰਾਨੀ ਸੰਪਤੀਆਂ ਨੂੰ ਅਨਫ੍ਰੀਜ਼ ਕਰਨ, ਤੇਲ ਪਾਬੰਦੀਆਂ ਵਿੱਚ ਰਾਹਤ ਅਤੇ ਅਮਰੀਕੀ ਜਲ-ਨਾਕਾਬੰਦੀ ਖਤਮ ਕਰਨ ਵਰਗੀਆਂ ਸ਼ਰਤਾਂ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ।
ਅਰਾਘਚੀ ਨੇ ਕਿਹਾ ਹੈ ਕਿ ਤਹਿਰਾਨ ਨੂੰ ਅਜੇ ਤੱਕ ਅਮਰੀਕਾ ਵੱਲੋਂ ਵਿਚੋਲਿਆਂ ਰਾਹੀਂ ਕੋਈ ਅੰਤਿਮ ਜਵਾਬ ਨਹੀਂ ਮਿਲਿਆ ਅਤੇ ਈਰਾਨ ਅਧਿਕਾਰਤ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਰਮੁਜ਼ ਨੂੰ ਮੁੜ ਖੋਲ੍ਹਣ ਜਾਂ ਗੱਲਬਾਤ ਨੂੰ ਅੱਗੇ ਵਧਾਉਣ ਲਈ ਈਰਾਨ ਦੀਆਂ ਸ਼ਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਹਨ। ਇਸ ਦੌਰਾਨ ਟਰੰਪ ਨੇ ਤਜਵੀਜ਼ ਰੱਦ ਕਰਨ ਦੀ ਗੱਲ ਕਹੀ ਹੈ, ਪਰ ਅਮਰੀਕੀ ਪੱਖ ਵੱਲੋਂ ਅਗਲੇ ਦੌਰ ਦੀ ਗੱਲਬਾਤ ਦੀ ਸੰਭਾਵਨਾ ਵੀ ਜਤਾਈ ਗਈ ਹੈ।


