ਖਿਡਾਰੀਆਂ ਨੂੰ ਟਰਾਫ਼ੀਆਂ ਨਾਲ ਕੀਤਾ ਸਨਮਾਨਿਤ, ਨਵੇਂ ਸੀਜ਼ਨ ਲਈ 18 ਟੀਮਾਂ ਦਾ ਗਠਨ
ਪਲੰਪਟਨ : ਆਪਣਾ ਪੰਜਾਬ ਮੀਡੀਆ : ਖਾਲਸਾ ਛਾਉਣੀ ਸਪੋਰਟਸ ਕਲੱਬ ਦਾ ਪੰਜਵਾਂ ਛਿਮਾਹੀ ਸਨਮਾਨ ਸਮਾਰੋਹ ਖਾਲਸਾ ਛਾਉਣੀ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ, ਮਾਪਿਆਂ, ਕੋਚਾਂ ਅਤੇ ਸਪਾਂਸਰਾਂ ਨੇ ਸ਼ਮੂਲੀਅਤ ਕੀਤੀ। ਸੀਜ਼ਨ ਦੀ ਸਮਾਪਤੀ ਮੌਕੇ ਵੱਖ-ਵੱਖ ਖੇਡਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਸਨਮਾਨ ਦਿੱਤੇ ਗਏ। ਕਲੱਬ ਵੱਲੋਂ ਪਿਛਲੇ ਸੀਜ਼ਨ ਦੀਆਂ 15 ਟੀਮਾਂ ਦੇ ਮੁਕਾਬਲੇ ਨਵੇਂ ਸੀਜ਼ਨ ਲਈ 18 ਟੀਮਾਂ ਬਣਾਏ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ। ਕਲੱਬ ਦੀ ਸਥਾਪਨਾ ਕਰੀਬ ਤਿੰਨ ਸਾਲ ਪਹਿਲਾਂ ਕੀਤੀ ਗਈ ਸੀ ਅਤੇ ਉਦੋਂ ਤੋਂ ਇਹ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਗਰਮ ਹੈ। ਸਮਾਗਮ ਦੌਰਾਨ ਮਾਪਿਆਂ ਨੂੰ ਕਲੱਬ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ।ਭਵਿੱਖੀ ਯੋਜਨਾਵਾਂ ਵਿੱਚ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਨਵਾਂ ਟਰੈਕ ਐਂਡ ਫੀਲਡ ਕੰਪਲੈਕਸ ਸਥਾਪਿਤ ਕਰਨਾ ਵੀ ਸ਼ਾਮਲ ਹੈ।
ਸਮਾਗਮ ਵਿੱਚ ਵੱਖ-ਵੱਖ ਸਪਾਂਸਰਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ ਅਤੇ ਕਲੱਬ ਨੂੰ ਭਵਿੱਖ ਵਿੱਚ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਨਵੇਂ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਗਮ ਦੀ ਸਮਾਪਤੀ ਮੌਕੇ ਹਾਜ਼ਰੀਨ ਲਈ ਜਲ-ਪਾਣੀ ਦੀ ਸੇਵਾ ਕੀਤੀ ਗਈ ਅਤੇ ਨਵੇਂ ਸੀਜ਼ਨ ਦੀ ਸ਼ੁਰੂਆਤ ਸਬੰਧੀ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਦਿੱਤੀ ਗਈ।



