Mark Carney ਦੀ ਭਾਰਤ ਫੇਰੀ ਨਾਲ ਨਵੀਂ ਸ਼ੁਰੂਆਤ ਹੋਈ: Piyush Goyal

News Online
2 Min Read

ਆਪਣਾ ਪੰਜਾਬ ਮੀਡੀਆ : ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਥੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਯਾਤਰਾ ਨੇ ਕੈਨੇਡਾ-ਭਾਰਤ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸਥਾਪਤ ਕਰਨ ਦਾ ਰਾਹ ਪੱਧਰਾ ਕੀਤਾ ਹੈ। ਕੈਨੇਡਾ ’ਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ’ਚ 2023 ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਆ ਗਿਆ ਸੀ।

ਕੈਨੇਡਾ ਦੀ ਤਿੰਨ ਰੋਜ਼ਾ ਫੇਰੀ ’ਤੇ ਆਏ ਸ੍ਰੀ ਗੋਇਲ ਨੇ ਉੱਤਰੀ ਅਮਰੀਕੀ ਦੇਸ਼ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਬੀਤੇ ਦਿਨ ਮੁਲਾਕਾਤ ਦੌਰਾਨ ਇਹ ਟਿੱਪਣੀ ਕੀਤੀ। ਸ੍ਰੀ ਗੋਇਲ ਨੇ ਕਿਹਾ, ‘‘ਇਹ ਅਜਿਹੀ ਭਾਈਵਾਲੀ ਹੈ ਜਿਸ ਨੂੰ ਬਹੁਤ ਤੇਜ਼ੀ ਨਾਲ ਨਵੇਂ ਸਿਰੇ ਤੋਂ ਸਥਾਪਤ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਫਰਵਰੀ ਦੇ ਅੰਤ ’ਚ ਕਾਰਨੀ ਦੀ ਯਾਤਰਾ ਨੇ ‘ਕੈਨੇਡਾ ਤੇ ਭਾਰਤ ਦੇ ਇੱਕ-ਦੂਜੇ ਨੂੰ ਦੇਖਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।’

ਇਹ ਅੱਠ ਸਾਲਾਂ ’ਚ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਕਿਹਾ, ‘‘ਇਸ ਨੇ ਇਸ ਸਬੰਧ ’ਚ ਵੱਡੇ ਪੱਧਰ ’ਤੇ ਤਬਦੀਲੀ ਦਾ ਰਾਹ ਪੱਧਰਾ ਕੀਤਾ ਹੈ ਅਤੇ ਨਵੇਂ ਏਜੰਡੇ ਤੇ ਟੀਚੇ ਤੈਅ ਕੀਤੇ ਹਨ।’’ ਭਾਰਤ ਤੇ ਕੈਨੇਡਾ ਦਰਮਿਆਨ 2010 ਤੋਂ ਵਪਾਰ ਵਾਰਤਾ ਜਾਰੀ ਹੈ। ਸ੍ਰੀ ਗੋਇਲ ਨੇ ਸ੍ਰੀ ਸਿੱਧੂ ਨਾਲ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਲ ਦੇ ਅੰਤ ਜਾਂ ਉਸ ਤੋਂ ਪਹਿਲਾਂ ਵਪਾਰ ਸਮਝੌਤਾ ਨੇਪਰੇ ਚਾੜ੍ਹਨ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡਾ ਮਕਸਦ 17 ਅਰਬ ਡਾਲਰ ਦੇ ਦੁਵੱਲੇ ਵਪਾਰ ਨੂੰ ਵਧਾ ਕੇ ਸਾਲ 2030 ਤੱਕ 50 ਅਰਬ ਡਾਲਰ ਕਰਨਾ ਵੀ ਹੈ।’’

ਸ੍ਰੀ ਗੋਇਲ ਨੇ ਕੈਨੇਡਾ ਦੇ ਪ੍ਰਧਾਨ ਮਤੰਰੀ ਮਾਰਕ ਕਾਰਨੀ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਕਾਰਨੀ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਭਾਰਤ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਅਤੇ ਇਹ ਕੈਨੇਡਾ ਲਈ ‘ਗੇਮ ਚੇਂਜਰ’ ਸਾਬਤ ਹੋਵੇਗਾ।

Share This Article
Leave a Comment

Leave a Reply