ਕੈਨੇਡੀਅਨ ਸੰਸਦ ਮੈਂਬਰਾਂ ਦੇ ਤਾਈਵਾਨ ਦੌਰੇ ‘ਤੇ ਰੋਕ ਲਗਾਉਣਾ ਚਾਹੁੰਦਾ ਹੈ ਚੀਨ : ਮਾਈਕਲ ਚੌਂਗ

News Online
2 Min Read

ਆਪਣਾ ਪੰਜਾਬ ਮੀਡੀਆ : ਕੰਜ਼ਰਵੇਟਿਵ ਐਮਪੀ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਵਾਈਸ ਚੇਅਰ ਮਾਈਕਲ ਚੌਂਗ ਨੇ ਦੋਸ਼ ਲਗਾਇਆ ਹੈ ਕਿ ਚੀਨ ਕੈਨੇਡੀਅਨ ਅਧਿਕਾਰੀਆਂ ਅਤੇ ਸੰਸਦ ਮੈਂਬਰਾਂ ਦੇ ਤਾਈਵਾਨ ਦੌਰਿਆਂ ਨੂੰ ਰੋਕਣ ਲਈ “ਨਿਯਮ ਬਦਲਣ” ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਈਕਲ ਚੌਂਗ ਇਸ ਸਮੇਂ ਤਾਈਵਾਨ ਦੇ ਦੌਰੇ ‘ਤੇ ਹਨ। ਉਥੇ ਉਹਨਾਂ ਨੇ ਤਾਈਵਾਨ ਦੇ ਪ੍ਰੈਜ਼ੀਡੈਂਟ ਲਾਇ ਚਿੰਗ ਤੇ ਸਮੇਤ ਕਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਚੀਨ ਦੇ ਦੂਤਾਵਾਸ ਨੇ ਇਸ ਦੌਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕੈਨੇਡਾ ਦੀ “ਵੰਨ ਚਾਈਨਾ ਪਾਲਿਸੀ” ਦੇ ਖਿਲਾਫ਼ ਹੈ ਅਤੇ ਤਾਈਵਾਨ ਦੀ ਆਜ਼ਾਦੀ ਨੂੰ ਸਮਰਥਨ ਦੇਣ ਵਾਲਾ ਸੰਦੇਸ਼ ਭੇਜਦਾ ਹੈ। ਚੌਂਗ ਨੇ ਜਵਾਬ ਵਿੱਚ ਕਿਹਾ ਕਿ ਕੈਨੇਡੀਅਨ ਸੰਸਦ ਮੈਂਬਰ ਸਾਲਾਂ ਤੋਂ ਤਾਈਵਾਨ ਜਾਂਦੇ ਰਹੇ ਹਨ ਅਤੇ ਚੀਨ ਹੁਣ ਇਸ ਪਰੰਪਰਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇੱਕ ਲੋਕਤੰਤਰਕ ਦੇਸ਼ ਹੋਣ ਦੇ ਨਾਤੇ ਕੈਨੇਡਾ ਨੂੰ ਕਿਸੇ “ਤਾਨਾਸ਼ਾਹੀ ਰਾਜ” ਵੱਲੋਂ ਆਪਣੇ ਵਿਦੇਸ਼ੀ ਸਬੰਧ ਨਿਰਧਾਰਤ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

ਚੌਂਗ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਦੌਰੇ ਨੂੰ ਲੈ ਕੇ ਕੋਈ ਹਿਚਕਚਾਹਟ ਨਹੀਂ ਸੀ, ਭਾਵੇਂ ਪਹਿਲਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਚੀਨ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਉਧਰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਅਤੇ ਤਾਈਵਾਨ ਦੇ ਲੋਕਾਂ ਅਤੇ ਵਪਾਰਕ ਸਬੰਧਾਂ ਦਾ ਲੰਮਾ ਇਤਿਹਾਸ ਹੈ, ਪਰ ਕੈਨੇਡਾ ਆਪਣੀ “ਵੰਨ ਚਾਈਨਾ ਪਾਲਿਸੀ” ‘ਤੇ ਕਾਇਮ ਹੈ। ਉਹਨਾਂ ਨੇ ਇਹ ਵੀ ਦੋਹਰਾਇਆ ਕਿ ਕੈਨੇਡਾ ਦੀ ਸੰਸਦ ਦੀ ਆਜ਼ਾਦੀ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ।

Share This Article
Leave a Comment

Leave a Reply